07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮੇਅਰ ਤੇ ਕਮਿਸ਼ਨਰ ਵਲੋਂ ਡੇਅਰੀ ਮਾਲਕਾਂ ਨੂੰ ਸਫ਼ਾਈ

Ad Position 21
No active advertisement
ਅਜੀਤ ਡੈਸਕ 06-12-2025
ਪਟਿਆਲਾ, 5 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹਿਰ ਵਿਚ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡੇਅਰੀਆਂ ਕਾਰਨ ਪੈਦਾ ਹੋ ਰਹੀਆਂ ਗੰਦਗੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵਲੋਂ ਅਬਲੋਵਾਲ ਵਿਖੇ 21.26 ਏਕੜ ਜ਼ਮੀਨ 'ਤੇ ਤਿਆਰ ਕੀਤਾ ਡੇਅਰੀ ਪ੍ਰੋਜੈਕਟ ਫਾਰਮ ਅਤੇ ਉਸ ਦੀ ਸਾਫ਼-ਸਫ਼ਾਈ ਆਦਿ ਦੇ ਕੰਮਾਂ ਤੋਂ ਇਲਾਵਾ ਹੋਰ ਕੰਮਾਂ ਦਾ ਮੁਆਇਨਾ ਕੀਤਾ | ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿਚ 12 ਕਰੋੜ ਦੇ ਕਰੀਬ ਲਾਗਤ ਆ ਚੁੱਕੀ ਹੈ ਤੇ ਇਸੇ ਪ੍ਰੋਜੈਕਟ ਲਈ 6 ਤੋਂ 8 ਕਰੋੜ ਦਾ ਹੋਰ ਬਜਟ ਰੱਖਿਆ ਗਿਆ ਹੈ | ਦੌਰੇ ਮਗਰੋਂ ਦੋਵਾਂ ਅਧਿਕਾਰੀਆਂ ਨੇ ਮੀਡੀਆ ਰਾਹੀਂ ਡੇਅਰੀ ਮਾਲਕਾਂ ਨੂੰ ਜਲਦ ਇਸ ਪ੍ਰੋਜੈਕਟ ਵਿਖੇ ਸ਼ਿਫ਼ਟ ਹੋਣ ਦੀ ਅਪੀਲ ਵੀ ਕੀਤੀ | ਮੇਅਰ ਨੇ ਇਸ ਮੌਕੇ ਦੱਸਿਆ ਕਿ ਕੁੱਝ ਦਿਨ ਪਹਿਲਾ ਲਗਾਤਾਰ ਮਿਲੀਆਂ ਸ਼ਿਕਾਇਤਾਂ ਤੋਂ ਬਾਦ ਕਈ ਥਾਵਾਂ 'ਤੇ ਚੈਕਿੰਗ ਦੌਰਾਨ ਸ਼ਹਿਰ ਵਿਚ ਖੁੱਲ੍ਹੇ 'ਚ ਗੋਬਰ ਪਿਆ ਦੇਖਿਆ, ਜਿਸ ਕਾਰਨ ਆਸ-ਪਾਸ ਦੇ ਰਹਿਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਸਿਹਤਮੰਦ ਵਾਤਾਵਰਨ ਬਣਾਈ ਰੱਖਣ ਲਈ ਡੇਅਰੀ ਮਾਲਕਾਂ ਦੀ ਭੂਮਿਕਾ ਬਹੁਤ ਅਹਿਮ ਹੈ | ਮੇਅਰ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਨਗਰ ਨਿਗਮ ਸਫ਼ਾਈ ਪ੍ਰਣਾਲੀ ਨੂੰ ਸੁਧਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪਰ ਇਸ ਮਿਸ਼ਨ 'ਚ ਡੇਅਰੀ ਮਾਲਕਾਂ ਦਾ ਸਹਿਯੋਗ ਲਾਜ਼ਮੀ ਹੈ | ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਜਲਦ ਹੀ ਲਾਗੂ ਕੀਤਾ ਜਾ ਰਿਹਾ ਨਵਾਂ ਡੇਅਰੀ ਪ੍ਰੋਜੈਕਟ ਡੇਅਰੀ ਮਾਲਕਾਂ ਲਈ ਇਕ ਵਰਦਾਨ ਸਾਬਤ ਹੋਵੇਗਾ | ਇਸ ਪ੍ਰੋਜੈਕਟ ਹੇਠ ਡੇਅਰੀਆਂ ਨੂੰ ਸੁਚੱਜੇ, ਸਫ਼ਾਈ ਵਾਲੇ ਅਤੇ ਸਹੂਲਤ-ਸੰਪੰਨ ਥਾਵਾਂ 'ਤੇ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਇਕ ਪਾਸੇ ਡੇਅਰੀ ਮਾਲਕਾਂ ਦੇ ਕਾਰੋਬਾਰ ਨੂੰ ਫ਼ਾਇਦਾ ਹੋਏਗਾ ਤੇ ਦੂਜੇ ਪਾਸੇ ਸ਼ਹਿਰ ਦੀ ਸਫ਼ਾਈ ਵਿਚ ਵੱਡਾ ਸੁਧਾਰ ਆਵੇਗਾ | ਉਨ੍ਹਾਂ ਕਿਹਾ ਕਿ ਆਧੁਨਿਕ ਡੇਅਰੀ ਕੰਪਲੈਕਸ 'ਚ ਪਾਣੀ, ਨਿਕਾਸੀ ਪ੍ਰਣਾਲੀ, ਗੋਬਰ ਪ੍ਰਬੰਧ ਅਤੇ ਬਿਜਲੀ ਦੀਆਂ ਸੁਵਿਧਾਵਾਂ ਬਿਹਤਰ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ | ਉਪਰੋਕਤ ਦੋਹਾਂ ਨੇ ਦੱਸਿਆ ਕਿ ਸ਼ਹਿਰ 'ਚ ਜਿੱਥੇ-ਜਿੱਥੇ ਡੇਅਰੀਆਂ ਕਾਰਨ ਗੰਦਗੀ ਫੈਲ ਰਹੀ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਗੋਬਰ ਖੁੱਲ੍ਹੇ 'ਚ ਸੁੱਟਣਾ, ਸੜਕਾਂ 'ਤੇ ਬੇਤਰਤੀਬ ਪਾਣੀ ਛੱਡਣਾ ਅਤੇ ਨਿਕਾਸੀ ਪ੍ਰਣਾਲੀ ਨੂੰ ਬੰਦ ਕਰਨ ਦੀ ਸਖ਼ਤ ਮਨਾਹੀ ਹੈ | ਜੇਕਰ ਕੋਈ ਡੇਅਰੀ ਮਾਲਕ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਖ਼ਿਲਾਫ਼ ਜ਼ੁਰਮਾਨਾ ਅਤੇ ਹੋਰ ਕਾਰਵਾਈ ਕੀਤੀ ਜਾਵੇਗੀ | ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਸਫ਼ਾਈ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸ਼ਹਿਰ ਦੇ ਹਰ ਨਾਗਰਿਕ ਅਤੇ ਡੇਅਰੀ ਮਾਲਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਡੇਅਰੀ ਮਾਲਕਾਂ ਨੂੰ ਆਗਾਹ ਕੀਤਾ ਕਿ ਉਨ੍ਹਾਂ ਦੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਬਣਾਉਣ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ | ਇਸ ਮੌਕੇ ਐੱਸ. ਈ. ਰਾਜਿੰਦਰ ਚੋਪੜਾ, ਐੱਸ. ਈ. ਜੇ. ਪੀ. ਸਿੰਘ, ਐਕਸੀਅਨ ਨਰਾਇਣ ਦਾਸ, ਹੈਲਥ ਅਫ਼ਸਰ ਡਾ. ਨਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਰਿਸ਼ਵ ਗੁਪਤਾ ਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਮਜੀਠਾ ਰੇਲਵੇ ਸਟੇਸ਼ਨ ਨਜ਼ਦੀਕ ਰੇਲਵੇ ਟਰੈਕ 'ਤੇ ਕਿਸਾਨਾਂ ਲਾਇਆ ਧਰਨਾ ਅਗਲੀ ਖ਼ਬਰ ਦੇਵੀਗੜ੍ਹ 'ਚ ਆਵਾਜਾਈ ਦੀ ਸਮੱਸਿਆ ਬਣੀ ਸਿਰਦਰਦੀ
Ad Position 24
No active advertisement