ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਕਾਂਗਰਸੀ ਵਰਕਰਾਂ ਦੀ ਰੋਹ ਭਰੀ ਮੀਟਿੰਗ ਸਾਬਕਾ ਚੇਅਰਮੈਨ ਅਤੇ ਬਲਾਕ ਪ੍ਰਧਾਨ ਗੁਰਭੇਜ ਸਿੰਘ ਵਣੀਏਕੇ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਵਣੀਏਕੇ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਵਿਚ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੱਤਾਧਿਰ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਮੇਂ ਪਿੰਡ ਭਿੰਡੀ ਸੈਦਾਂ ਦੇ ਕਾਂਗਰਸੀ ਵਰਕਰ ਸੁਰਜੀਤ ਸਿੰਘ ਦੀਆਂ ਫਾਈਲਾਂ ਖੋਹ ਕੇ ਹਮਲਾ ਕਰਕੇ ਕੁੱਟਮਾਰ ਕੀਤੀ ਗਈ | ਅਗਲੇ ਦਿਨ ਉਸ ਦੇ ਘਰ ਜਾ ਕੇ ਹਮਲਾ ਕਰਕੇ ਕੁੱਟਮਾਰ ਕੀਤੀ ਗਈ | ਪੁਲਿਸ ਨੇ ਸਿਆਸੀ ਸ਼ਹਿ 'ਤੇ ਸਰਕਾਰੀਆ ਅਤੇ ਉਨ੍ਹਾਂ ਦੇ ਭਤੀਜੇ ਉੱਪਰ ਨਾਜਾਇਜ਼ ਮੁਕੱਦਮਾ ਦਰਜ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ | ਕਾਂਗਰਸ ਪਾਰਟੀ ਨੇ ਇਸ ਧੱਕੇਸ਼ਾਹੀ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ | ਸੱਤਾਧਿਰ ਦੇ ਸਾਬਕਾ ਕੈਬਨਿਟ ਮੰਤਰੀ ਧਾਲੀਵਾਲ ਵਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਮੈਦਾਨ ਛੱਡ ਕੇ ਭੱਜ ਗਈ | ਇਸ ਬਿਆਨ 'ਤੇ ਪਲਟ ਵਾਰ ਕਰਦੀਆਂ ਗੁਰਭੇਜ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦੇ ਕਾਗਜ਼ਾਤ ਦਾਖਲ ਕਰਵਾਏ | ਕਾਂਗਰਸ ਦੀ ਚੜ੍ਹਤ ਵੇਖ ਕੇ ਸੱਤਾ ਧਿਰ ਪਾਰਟੀ ਨੇ ਬੁਖਲਾਹਟ ਵਿਚ ਆ ਕੇ ਕੋਝੀਆਂ ਚਾਲਾਂ ਚੱਲ ਰਹੀ ਹੈ | ਇਸ ਮੌਕੇ ਸੁਖਦੇਵ ਸਿੰਘ ਸੁੱਖ ਵਣੀਏਕੇ, ਜੈਲਦਾਰ ਸੱਜਣ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਸੂਬਾ ਸਿੰਘ, ਸੁਖਦੇਵ ਸਿੰਘ ਕਲੇਰ, ਗੁਰਮੇਜ ਸਿੰਘ ਆਦਿ ਵਰਕਰ ਹਾਜ਼ਰ ਸਨ |