ਗੱਗੋਮਾਹਲ, 18 ਦਸੰਬਰ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ ਦੇ ਹੜ੍ਹਾਂ ਦੀ ਮਾਰ ਪਿੱਛੋਂ ਪਿੰਡ ਧੰਗਾਈ ਦੇ ਵਸਨੀਕ ਗੁਰਮੀਤ ਸਿੰਘ, ਲਖਵਿੰਦਰ ਸਿੰਘ ਨੂੰ ਨਵੀਂ ਬਣ ਰਹੀ ਪਿੰਡ ਥੋਬਾ ਤੋਂ ਰੂੜੇਵਾਲ ਸਮੇਤ ਕਈ ਸਰਹੱਦੀ ਪਿੰਡਾਂ ਨੂੰ ਜੋੜਦੀ ਸੜਕ ਉਨ੍ਹਾਂ ਦੇ ਘਰ ਲਈ ਵਿਨਾਸ਼ ਸਾਬਤ ਹੋ ਰਹੀ ਹੈ | ਉਕਤ ਭਰਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕਰੀਬ ਇਕ ਕਨਾਲ ਰਕਬੇ ਵਿਚ ਦੋ ਭਰਾਵਾਂ ਨੇ ਘਰ ਬਣਾਏ ਸਨ ਜੋ ਉਸ ਵੇਲੇ ਬਣੀ ਸੜਕ ਤੋਂ ਕੁਝ ਉੱਚੇ ਸਨ ਤੇ ਘਰਾਂ ਦੀ ਨਿਕਾਸੀ ਦਾ ਪਾਣੀ ਨਾਲੀਆਂ ਰਾਹੀਂ ਛੱਪੜ ਤੱਕ ਪਹੁੰਚ ਰਿਹਾ ਸੀ | ਹੜ੍ਹਾਂ ਦੌਰਾਨ ਬਰਬਾਦ ਹੋਈਆਂ ਸੜਕਾਂ ਨੂੰ ਬਣਾਉਣ ਲਈ ਸਰਕਾਰ ਵਲੋਂ ਕੀਤਾ ਗਿਆ ਹੀਲਾ ਉਨ੍ਹਾਂ ਲਈ ਮਾਰੂ ਸਾਬਤ ਹੋ ਰਿਹਾ ਹੈ, ਉਨ੍ਹਾਂ ਦੇ ਘਰ ਅੱਗੇ ਬਣ ਰਹੀ ਸੜਕ ਨੂੰ ਕਰੀਬ 2 ਫੁੱਟ ਉੱਚਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਘਰ ਦਾ ਵਾਧੂ ਪਾਣੀ ਤੇ ਨਾਲ ਪੈਂਦੀ ਨਾਲੀ ਵਿਚ ਦੂਜੇ ਘਰਾਂ ਦਾ ਪਾਣੀ ਉਨ੍ਹਾਂ ਦੇ ਘਰ ਵਿਚ ਇਕੱਤਰ ਹੋ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਘਰ ਛੱਪੜ ਦਾ ਰੂਪ ਧਾਰਨ ਕਰੀ ਜਾ ਰਹੇ ਹਨ | ਉਕਤ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਕਰੀਬ 20 ਏਕੜ ਤਾਰਾਂ ਤੋਂ ਪਾਰ ਜ਼ਮੀਨ ਵਿਚ ਝੋਨੇ ਦੀ ਕਾਸ਼ਤ ਕੀਤੀ ਸੀ ਜੋ ਹੜ੍ਹਾਂ ਦੇ ਪਾਣੀ ਨੇ ਬਰਬਾਦ ਕਰ ਦਿੱਤੀ ਤੇ ਇਹ ਜ਼ਮੀਨ ਕਬਜ਼ੇ ਵਾਲੀ ਹੋਣ ਕਾਰਨ ਸਾਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ | ਪਹਿਲਾਂ ਹੀ ਬਰਬਾਦੀ ਦੀ ਕੰਗਾਰ ਦੇ ਖੜ੍ਹੇ ਉਕਤ ਭਰਾਵਾਂ ਨੇ ਡਿਪਟੀ ਕਮਿਸ਼ਨਰ ਅੰਮਿ੍ਤਸਰ, ਐੱਸ. ਡੀ. ਐੱਮ. ਅਜਨਾਲਾ ਨੂੰ ਬੇਨਤੀ ਪੱਤਰ ਲਿਖ ਕੇ ਆਪਣੇ ਮਕਾਨ ਬਚਾਉਣ ਦੀ ਬੇਨਤੀ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਅਸੀ ਇਸ ਸੰਬੰਧੀ ਪਿੰਡ ਦੀ ਗ੍ਰਾਮ ਪੰਚਾਇਤ ਦੇ ਨੁੰਮਾਇੰਦਿਆਂ ਨੂੰ ਵੀ ਵਾਰ ਵਾਰ ਬੇਨਤੀ ਕੀਤੀ ਪਰ ਸਾਡੀ ਕਿਸੇ ਵੀ ਗੁਹਾਰ ਨਾ ਸੁਣੀ | ਜੇਕਰ ਉਕਤ ਮਾਮਲੇ ਦਾ ਤੁਰੰਤ ਹੱਲ ਨਾ ਹੋਇਆ ਤਾਂ ਸਾਡੇ ਮਕਾਨ ਢਹਿ ਢੇਰੀ ਹੋਣ ਦਾ ਖਦਸ਼ਾ ਹੈ | ਇਸ ਮੌਕੇ ਉਨ੍ਹਾਂ ਨਾਲ ਮਨਬੀਰ ਸਿੰਘ ਵੀ ਮੌਜੂਦ ਸਨ |