ਨਵਾਂ ਪਿੰਡ, 24 ਦਸੰਬਰ (ਜਸਪਾਲ ਸਿੰਘ)-ਚੋਰਾਂ ਵਲੋਂ ਰੱਬ ਦੇ ਘਰਾਂ ਦੇ ਨਾਲ ਵਿੱਦਿਅਕ ਅਦਾਰਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ | ਅਜਿਹੀ ਹੀ ਇੱਕ ਘਟਨਾ ਉਦੋਂ ਸਾਹਮਣੇ ਆਈ, ਜਦੋਂ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਅੰਮਿ੍ਤਸਰ -ਮੁੱਖ ਮਾਰਗ 'ਤੇ ਸਥਿਤ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰੂ ਨਾਨਕ ਖ਼ਾਲਸਾ ਸ਼ਹੀਦੀ ਸੈਕੰਡਰੀ ਸਕੂਲ ਦਾ ਕਰੀਬ ਅੱਧੀ ਸਦੀ ਪੁਰਾਣਾ ਮੁੱਖ ਗੇਟ ਬੀਤੀ ਰਾਤ ਚੋਰ ਚੋਰੀ ਕਰਕੇ ਲੈ ਗਏ | ਇਸ ਸੰਬੰਧੀ ਸਕੂਲ ਮੈਨੇਜਰ ਇੰਜ. ਬਲਜੀਤ ਸਿੰਘ ਜੰਮੂ ਤੇ ਜਥੇਦਾਰ ਹਰਜਿੰਦਰ ਸਿੰਘ ਪ੍ਰਧਾਨ ਨੇ 'ਅਜੀਤ' ਨਾਲ ਗੱਲ ਕਰਦਿਆਂ ਇਸ ਘਟਨਾ ਨੂੰ ਮੰਦਭਾਗਾ ਕਹਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸੇ ਸਕੂਲ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ ਤੇ ਸਕੂਲ ਇਹ ਗੇਟ ਉਦੋਂ ਦਾ ਹੋਣ ਕਾਰਨ ਉਨ੍ਹਾਂ ਦੀਆਂ ਇਸ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ | ਇਸ ਮੌਕੇ ਸਕੂਲ ਦੇ ਪਿ੍ੰ. ਮੈਡਮ ਪ੍ਰਮਜੀਤ ਕੌਰ ਨੇ ਦੱਸਿਆ ਕਿ ਇਸ ਗੇਟ ਚੋਰੀ ਦੀ ਇਤਲਾਹ ਉਨ੍ਹਾਂ ਵਲੋਂ ਪੁਲਿਸ ਚੌਂਕੀ ਨਵਾਂ ਪਿੰਡ ਵਿਖੇ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਦੇ ਨਜ਼ਦੀਕ ਦੋ ਘਰਾਂ ਦੇ ਗੇਟ ਚੋਰੀ ਹੋ ਚੁੱਕੇ ਹਨ |