ਚੋਗਾਵਾਂ, 30 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ਮਹਾਨ ਦੇਸ਼ ਭਗਤ ਕਿਸਾਨ ਲਹਿਰ ਦੇ ਮੋਢੀ ਘੁਲਾਟੀਆ ਕਾ: ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਟਪਿਆਲਾ ਵਿਖੇ ਫਿਰਕੂ ਫਾਸ਼ੀਵਾਦ ਖ਼ਿਲਾਫ਼ ਵਿਚਾਰਧਾਰਕ ਘੋਲ ਪ੍ਰਚੰਡ ਕਰਨ ਅਤੇ ਕਿਸਾਨ ਮਜ਼ਦੂਰ ਲਹਿਰ 'ਤੇ ਹੋ ਰਹੇ ਹਮਲਿਆਂ ਵਿਰੁੱਧ ਲੋਕ ਉਭਾਰੂ ਪੈਦਾ ਕਰਨ ਲਈ ਭਰਵੀਂ ਰਾਜਸੀ ਕਾਨਫਰੰਸ ਹੋਈ | ਕਾਨਫਰੰਸ ਦੇ ਪ੍ਰਧਾਨਗੀ ਮੰਡਲ 'ਚ ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਦੇਸਾ ਸਿੰਘ ਭਿੰਡੀ ਔਲਖ, ਸਤਵਿੰਦਰ ਸਿੰਘ ਉਠੀਆਂ, ਅਜੀਤ ਕੌਰ ਕੋਟ ਰਜ਼ਾਦਾ, ਅਮਰਜੀਤ ਸਿੰਘ ਭੀਲੋਵਾਲ, ਪ੍ਰੋ: ਮਾਲਕ ਸਿੰਘ ਗੁਰਾਲਾ ਸ਼ਾਮਿਲ ਹੋਏ | ਇਸ ਮੌਕੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਪਾਰਟੀ ਸਕੱਤਰੇਤ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾ ਰਾਏ ਆਦਿ ਨੇ ਦੇਸ਼ ਭਗਤਾਂ ਕਾਮਰੇਡ ਦਲੀਪ ਸਿੰਘ ਟਪਿਆਲਾ, ਫੌਜਾ ਸਿੰਘ ਭੁੱਲਰ ਤੇ ਕਾ. ਹਜਾਰਾ ਸਿੰਘ ਜੱਸੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਆਰ. ਐੱਸ. ਐੱਸ. ਦੀ ਫਿਰਕੂ- ਫਾਸ਼ੀ ਵਿਚਾਰਧਾਰਾ 'ਤੇ ਕੰਮ ਕਰਦੀ ਭਾਜਪਾ ਦੀ ਮੋਦੀ ਸਰਕਾਰ ਵਲੋਂ ਘੱਟ ਗਿਣਤੀ ਲੋਕਾਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ 'ਤੇ ਜ਼ੁਲਮ ਢਾਹੇ ਜਾ ਰਹੇ ਹਨ ਅਤੇ ਇਨ੍ਹਾਂ ਵਿਰੁੱਧ ਅਵਾਜ਼ ਚੁੱਕਣ ਤੇ ਲਿਖਣ ਵਾਲੇ ਲੋਕਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨਵ- ਉਦਾਰਵਾਦੀ ਨੀਤੀਆਂ ਕਾਰਨ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ ਜਿਸ ਕਾਰਨ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਅਤੇ ਜਿਸ ਕਾਰਨ ਸਮਾਜ ਖਾਸਕਰ ਨੌਜਵਾਨ ਨਸ਼ੇ ਦੀ ਦਲ-ਦਲ ਵਿਚ ਧਸੇ ਜਾ ਰਹੇ ਹਨ | ਅਜਿਹੀ ਅਵਸਥਾ ਵਿਚ ਗੈਂਗਸਟਰਵਾਦ ਭਾਰੂ ਹੋ ਰਿਹਾ ਹੈ ਤੇ ਲੋਕਾਂ ਨੂੰ ਜਾਨ ਮਾਲ ਦਾ ਖਤਰਾ ਬਣ ਗਿਆ ਹੈ | ਮਨਰੇਗਾ ਸਕੀਮ ਤਹਿਤ ਜਿਹੜਾ ਪੇਂਡੂ ਖੇਤਰ 'ਚ ਗਰੀਬਾਂ ਨੂੰ ਜੋ ਮਾੜਾ ਮੋਟਾ ਨੂੰ ਰੁਜ਼ਗਾਰ ਮਿਲਦਾ ਸੀ, ਇਸ ਸਕੀਮ ਤੇ ਮੋਦੀ ਸਰਕਾਰ ਨੇ ਬੁਲਡੋਜ਼ਰ ਫੇਰ ਦਿੱਤਾ ਹੈ | ਸਮਾਗਮ 'ਚ ਬੋਲਦਿਆਂ ਆਰ. ਐੱਮ. ਪੀ. ਆਈ. ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ ਤੇ ਪਾਰਟੀ ਸਕੱਤਰੇਤ ਮੈਂਬਰ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਤੇ ਕਿਸਾਨ ਵਿਰੋਧੀ ਬੀਜ ਬਿੱਲ 2025 ਲਿਆ ਕੇ ਗਰੀਬਾਂ ਤੇ ਆਮ ਲੋਕਾਂ ਨੂੰ ਹਨੇਰੇ ਦੀ ਕੋਠੜੀ ਵਿਚ ਸੁੱਟਿਆ ਜਾ ਰਿਹਾ ਹੈ | ਕਾਨਫਰੰਸ 'ਚ ਹੋਕਾ ਦਿੱਤਾ ਗਿਆ ਕਿ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਆਓ ਇਕੱਠੇ ਹੋ ਕੇ ਦੇਸ਼ ਵਿਆਪੀ ਜੁਝਾਰੂ ਲਹਿਰ ਖੜ੍ਹੀ ਕਰੀਏ | ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂਆਂ ਜੱਗਾ ਸਿੰਘ ਡੱਲਾ, ਸੁੱਚਾ ਸਿੰਘ ਘੋਗਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬਿਕਰਮਜੀਤ ਸਿੰਘ ਕੋਹਾਲੀ, ਜਗਤਾਰ ਸਿੰਘ ਕਰਮਪੁਰਾ, ਮਾ: ਹਰਭਜਨ ਸਿੰਘ ਟਰਪਈ, ਅਵਤਾਰ ਸਿੰਘ ਠੱਠਾ, ਵਿਸਾਖਾ ਸਿੰਘ ਭੰਗਵਾਂ, ਹਰਜੀਤ ਸਿੰਘ ਕੱਕੜ, ਚਰਨਜੀਤ ਸਿੰਘ ਤਲਵੰਡੀ, ਬਲਦੇਵ ਸਿੰਘ ਧਾਰੀਵਾਲ, ਜਥੇ. ਤਸਬੀਰ ਸਿੰਘ ਹਾਸ਼ਮਪੁਰ ਪ੍ਰਧਾਨ ਲਖਬੀਰ ਸਿੰਘ ਤੇੜਾਂ, ਸੁਰਜੀਤ ਸਿੰਘ ਦੁਹਰਾਏ, ਟਹਿਲ ਸਿੰਘ ਚੇਤਨਪੁਰਾ, ਸੁਰਜੀਤ ਸਿੰਘ ਭੂਰੇ ਗਿੱਲ, ਸਰਪੰਚ ਲਖਬੀਰ ਸਿੰਘ ਤੇੜਾਂ ਰਾਜਪੂਤਾਂ, ਬਲਕਾਰ ਸਿੰਘ ਗੁਲਗੜ੍ਹ, ਸਰਬਜੀਤ ਕੌਰ ਜਸਰਾਊਰ, ਬਿਕਰਮਜੀਤ ਸਿੰਘ ਕੋਹਾਲੀ, ਸਾਹਿਬ ਸਿੰਘ ਠੱਠੀ, ਬਲਕਾਰ ਸਿੰਘ ਜੋਸ਼, ਜਰਨੈਲ ਸਿੰਘ ਭਿੰਡੀ ਸੈਦਾਂ, ਨੌਜਵਾਨ ਆਗੂ ਸ਼ਮਸ਼ੇਰ ਸਿੰਘ ਡੱਲਾ ਨੇ ਦੇਸ਼ ਭਗਤਾਂ ਦੀ ਬਰਸੀ 'ਤੇ ਵੱਡਮੁੱਲੇ ਵਿਚਾਰ ਪੇਸ਼ ਕੀਤੇ |