ਰਾਜਪੁਰਾ, 1 ਜੂਨ (ਜੀ.ਪੀ. ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਆਪਸੀ ਕਲੇਸ਼ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਾ ਜਦੋਂ ਸ਼ੰਭੂ ਸਰਕਲ ਦੇ ਪ੍ਰਧਾਨ ਸੁੱਚਾ ਸਿੰਘ ਅਲੀਮਾਜਰਾ ਸਮੇਤ ਹੋਰ ਅਹੁਦੇਦਾਰ ਸਾਥੀਆਂ ਸਮੇਤ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਖਰਾਜਪੁਰ ਦੀ ਪੇ੍ਰਰਨਾ ਸਦਕਾ ਕਾਂਗਰਸ ਵਿਚ ਸ਼ਾਮਲ ਹੋ ਗਏ | ਕਾਂਗਰਸ ਵਿਚ ਸ਼ਾਮਲ ਹੋਣ 'ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਕਤ ਆਗੂਆਂ ਦਾ ਸਵਾਗਤ ਕੀਤਾ ਅਤੇ ਪਾਰਟੀ ਦੇ ਪਟਕੇ ਗਲੇ 'ਚ ਪਾਏ | ਇਸ ਮੌਕੇ ਸੁੱਚਾ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਦੋ ਧੜੇ ਬਣ ਗਏ ਹਨ ਤੇ ਉਨ੍ਹਾਂ ਦਾ ਆਪਸੀ ਕਲੇਸ਼ ਵੱਧ ਰਿਹਾ ਹੈ | ਜਿਸ ਕਾਰਨ ਅਕਾਲੀ ਵਰਕਰ ਬਹੁਤ ਨਿਰਾਸ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਰਾਜ ਸਮੇਂ ਸਾਬਕਾ ਵਿਧਾਇਕ ਨੇ ਜੋ ਇਲਾਕੇ 'ਚ ਵਿਕਾਸ ਕਾਰਜ ਕਰਵਾਏ ਹਨ ਉਹ ਇਕ ਮਿਸਾਲ ਹਨ | ਜਿਸ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਯੂਥ ਅਕਾਲੀ ਦਲ ਦਾ ਆਗੂ ਗੁਰਜੀਤ ਸਿੰਘ ਮੋਨੂੰ ਕੰਡੇਵਾਲਾ, ਗੁਰਦੇਵ ਸਿੰਘ ਸ਼ਾਮ ਨਗਰ, ਲਵਪ੍ਰੀਤ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ | ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸ ਵਿਚ ਆਏ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਇਕ ਅਨੁਸ਼ਾਸਨ ਪਸੰਦ ਪਾਰਟੀ ਹੈ ਤੇ ਹਰ ਇਕ ਵਰਕਰ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਾਥੀਆਂ ਨੂੰ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ |