ਰਾਜਪੁਰਾ, 1 ਜੂਨ (ਜੀ.ਪੀ. ਸਿੰਘ)-ਕਾਂਗਰਸ ਦੇ ਕਾਫ਼ਲੇ 'ਚ ਹੋਰ ਵਾਧਾ ਹੋ ਗਿਆ ਜਦੋਂ ਨੇੜਲੇ ਪਿੰਡ ਰੰਗੀਆਂ ਦੇ ਦਰਜਨ ਤੋਂ ਵੱਧ ਬਾਗ਼ੀ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਸਧਰੌਰ ਦੀ ਪ੍ਰੇਰਣਾ ਸਦਕਾ ਕਾਂਗਰਸ ਵਿਚ ਸ਼ਾਮਲ ਹੋ ਗਏ | ਉਕਤ ਆਗੂਆਂ ਦਾ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਭਰਵਾਂ ਸਵਾਗਤ ਕੀਤਾ ਅਤੇ ਪਾਰਟੀ ਦੇ ਪਟਕਾ ਪਾ ਕੇ ਕਾਂਗਰਸ ਵਿਚ ਸ਼ਾਮਲ ਕਰਕੇ ਸਵਾਗਤ ਕੀਤਾ | ਇਸ ਮੌਕੇ ਲਖਬੀਰ ਸਿੰਘ ਰੰਗੀਆਂ ਸਮੇਤ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਦੀ ਆਪਸੀ ਫੁੱਟ ਕਾਰਨ ਪਾਰਟੀ ਦੇ ਵਰਕਰ ਰੁਲ ਗਏ ਹਨ ਤੇ ਜਿਸ ਕਾਰਨ ਪਾਰਟੀ ਦਾ ਪੰਜਾਬ ਵਿਚ ਅਧਾਰ ਬਹੁਤ ਘੱਟ ਗਿਆ ਹੈ | ਇਸ ਲਈ ਉਹ ਅਤੇ ਉਨ੍ਹਾਂ ਦੇ ਸਾਥੀ ਜੋਗਿੰਦਰ ਸਿੰਘ, ਅਜਮੇਰ ਸਿੰਘ, ਹਰਨੇਕ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਾਜ਼ਰ ਮੁਹੰਮਦ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਇਲਾਕੇ ਦੇ ਕੀਤੇ ਵਿਕਾਸ ਕਾਰਨ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ | ਸਾਬਕਾ ਵਿਧਾਇਕ ਕੰਬੋਜ ਨੇ ਉਕਤ ਸੀਨੀਅਰ ਅਕਾਲੀ ਆਗੂਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਵਫ਼ਾਦਾਰ ਵਰਕਰ ਨੂੰ ਕਾਂਗਰਸ ਵਿਚ ਬਹੁਤ ਆਦਰ ਸਤਿਕਾਰ ਮਿਲਦਾ ਹੈ ਤੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਪੂਰਾ ਮਾਣ ਸਨਮਾਨ ਮਿਲੇਗਾ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ, ਕੌਂਸਲਰ ਬਲਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |