ਪਾਤੜਾਂ, 2 ਜੂਨ (ਜਗਦੀਸ਼ ਸਿੰਘ ਕੰਬੋਜ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ 'ਚ ਚੱਲਦੀ ਪੰਥਕ ਅਕਾਲੀ ਦਲ ਸੁਧਾਰ ਲਹਿਰ ਵਲੋਂ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬਾਦਸ਼ਾਹਪੁਰ ਵਿਖੇ ਮਨਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡਾਂ 'ਚ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ | ਇਸੇ ਸੰਬੰਧੀ ਕੀਤੀ ਮੀਟਿੰਗ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਜਾਣਕਾਰੀ ਦਿੰਦਿਆਂ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਜਥੇਦਾਰ ਸਰੂਪ ਸਿੰਘ ਸੰਧਾ ਅਤੇ ਸਰਕਲ ਜਥੇਦਾਰ ਸਾਬਕਾ ਸਰਪੰਚ ਮੰਗਤ ਸਿੰਘ ਹਰਿਆਊ ਨੇ ਦੱਸਿਆ ਕਿ ਸਿੱਖ ਪੰਥ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਨਾ ਸਿਰਫ਼ ਜਬਰ ਜੁਲਮ ਖ਼ਿਲਾਫ਼ ਲੜਾਈ ਲੜੀ ਗਈ ਸਗੋਂ ਦੁਨੀਆਂ ਦੇ ਇਤਿਹਾਸ 'ਚ ਪਹਿਲੀ ਵਾਰ ਲੋਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ | ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਲਾਸਾਨੀ ਹੈ ਪਰ ਅਜੋਕੀ ਪੀੜੀ ਇਸ ਕੁਰਬਾਨੀ ਨੂੰ ਭੁੱਲਦੀ ਜਾ ਰਹੀ ਹੈ | ਜਿਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪੰਥਕ ਅਕਾਲੀ ਲਹਿਰ ਵਲੋਂ 9 ਜੂਨ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜਾ ਸਬਡਵੀਜ਼ਨ ਪਾਤੜਾਂ ਦੇ ਕਸਬਾ ਬਾਦਸ਼ਾਹਪੁਰ ਵਿਖੇ ਵੱਡੇ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ 'ਚ ਪੁੱਜ ਰਹੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਵੀਰ ਸਿੰਘ, ਟਹਿਲ ਸਿੰਘ, ਗੁਰਨਾਮ ਸਿੰਘ ਔਲਖ, ਸਤਨਾਮ ਸਿੰਘ, ਗੁਰਸਾਹਿਬ ਸਿੰਘ ਨਵਾਂ ਗਾਉਂ ਤੇ ਗੁਰਪਿਆਰ ਸਿੰਘ ਕਲਵਾਣੂ ਆਦਿ ਮੌਜੂਦ ਸਨ |