ਸੰਘੋਲ, 4 ਜੂਨ (ਪਰਮਵੀਰ ਸਿੰਘ ਧਨੋਆ)-ਖੇਤੀਬਾੜੀ ਵਿਭਾਗ ਵਲੋਂ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕਰਨ ਅਣਥੱਕ ਯਤਨ ਕੀਤੇ ਜਾ ਰਹੇ ਹਨ | ਵਿਭਾਗ ਵਲੋਂ ਪਿੰਡ ਪੱਧਰ 'ਤੇ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਖੇਤੀ ਲਾਗਤ 'ਚ ਵੀ ਕਮੀ ਆਉਂਦੀ ਹੈ | ਖੇਤੀਬਾੜੀ ਬਲਾਕ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਰਾਇਲ ਵਜੋਂ ਆਪਣੀ ਖੇਤੀ ਦੇ ਕੁਝ ਹਿੱਸੇ 'ਚ ਸਿੱਧੀ ਬਿਜਾਈ ਜ਼ਰੂਰ ਕਰਨ | ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਸਿੱਧੀ ਬਿਜਾਈ ਸਬੰਧੀ ਕਿਸੀ ਜਾਣਕਾਰੀ ਦੀ ਲੋੜ ਹੈ ਤਾਂ ਉਹ ਬਲਾਕ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ | ਖੇਤੀਬਾੜੀ ਵਿਭਾਗ ਵਲੋਂ ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਰਕਾਰ ਵਲੋਂ ਸਹਾਇਤਾ ਵੀ ਪ੍ਰਾਪਤ ਹੋਵੇਗੀ | ਕਿਸਾਨਾਂ ਦਾ ਸਿੱਧੀ ਬਿਜਾਈ ਬਾਰੇ ਕਹਿਣਾ ਹੈ ਕਿ ਉਨ੍ਹਾਂ ਨੂੰ ਨਦੀਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਦੀਨ ਦੀ ਰੋਕਥਾਮ ਲਈ ਮਿਲਣ ਵਾਲੀਆਂ ਬਾਜ਼ਾਰੂ ਦਵਾਈਆਂ ਕਾਰਗਰ ਸਾਬਿਤ ਨਹੀਂ ਹੋ ਰਹੀਆਂ ਹਨ | ਇਸ ਤੋਂ ਇਲਾਵਾ ਕਿਸਾਨ ਕਹਿੰਦੇ ਹਨ ਕਿ ਸਿੱਧੀ ਬਿਜਾਈ ਲਈ ਮਸ਼ੀਨੀ ਸਾਧਨਾਂ ਦੀ ਕਮੀ ਹੋਣਾ ਵੀ ਸਮੱਸਿਆ ਸਾਬਿਤ ਹੋ ਰਿਹਾ ਹੈ | ਇਸ ਦੌਰਾਨ ਖੇਤੀਬਾੜੀ ਵਿਭਾਗ ਵਲੋਂ ਆਪਣੀ ਹਾਜ਼ਰੀ 'ਚ ਪਿੰਡ ਸਿੱਧੂਪੁਰ ਕਲਾਂ ਵਿਖੇ ਕਿਸਾਨ ਸੁਖਵਿੰਦਰ ਸਿੰਘ ਵਲੋਂ 3 ਏਕੜ ਅਤੇ ਪਿੰਡ ਗੱਗੜਵਾਲ ਵਿਖੇ ਕਿਸਾਨ ਹਰਜੀਤ ਸਿੰਘ ਵਲੋਂ 5 ਏਕੜ ਜੀਰੀ ਦੀ ਸਿੱਧੀ ਬਿਜਾਈ ਕਰਵਾਈ ਗਈ | ਇਸ ਦੌਰਾਨ ਖੇਤੀਬਾੜੀ ਸਬ ਇੰਸਪੈਕਟਰ ਪਿ੍ਤਪਾਲ ਸਿੰਘ, ਫ਼ੀਲਡ ਸਹਾਇਕ ਗਗਨਦੀਪ ਸਿੰਘ ਵੀ ਮੌਜੂਦ ਰਹੇ |