ਪਾਤੜਾਂ 4 ਜੂਨ (ਜਗਦੀਸ਼ ਸਿੰਘ ਕੰਬੋਜ)-ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਨਰਵਾਣਾ ਰੋਡ 'ਤੇ ਬਾਈਪਾਸ ਪੁੱਲ ਦੇ ਹੇਠਾਂ ਪੀ. ਆਰ. ਟੀ. ਸੀ. ਬੱਸ ਵਿਚੋਂ ਉਤਰਦੇ ਸਮੇਂ ਔਰਤ ਦੀ ਬੱਸ ਹੇਠਾਂ ਆ ਕੇ ਮੌਤ ਹੋ ਗਈ | ਘਟਨਾ ਦਾ ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਮੌਕੇ ਉੱਤੇ ਪਹੁੰਚ ਕੇ ਗੰਭੀਰ ਰੂਪ ਵਿਚ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ ਜੱਥੇ ਇਸ ਦੀ ਜਾਂਚ ਕਰਨ ਮਗਰੋਂ ਡਾਕਟਰਾਂ ਨੇ ਇਸ ਨੂੰ ਮਿ੍ਤਕ ਐਲਾਨ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਪਾਤੜਾਂ ਆ ਰਹੀ ਬੱਸ ਜਿਉਂ ਹੀ ਨਰਵਾਣਾ ਰੋਡ ਪੁਲ ਹੇਠਾਂ ਪੁੱਜੀ ਤਾਂ ਟਰੈਫਿਕ ਜਾਮ ਹੋਣ ਕਰਕੇ ਡਰਾਈਵਰ ਵਲੋਂ ਬੱਸ ਰੋਕ ਦਿੱਤੇ ਜਾਣ 'ਤੇ ਬੱਸ ਵਿਚੋਂ ਉਤਰਦੇ ਸਮੇਂ ਔਰਤ ਬੱਸ ਦੇ ਪਿਛਲੇ ਟਾਈਰ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ | ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਔਰਤ ਆਪਣੀਆਂ ਦੋ ਹੋਰ ਸਾਥੀ ਔਰਤਾਂ ਨਾਲ ਲੁਧਿਆਣਾ ਤੋਂ ਦਵਾਈ ਲੈ ਕੇ ਪਾਤੜਾਂ ਆ ਰਹੀ ਸੀ, ਉਸ ਦੀਆਂ ਸਾਥੀ ਔਰਤਾਂ ਸੰਗਰੂਰ ਰੋਡ ਕੈਂਚੀਆਂ ਵਿਚ ਬੱਸ ਵਿੱਚੋਂ ਉਤਰ ਗਈਆਂ ਸਨ | ਮਿ੍ਤਕ ਔਰਤ ਦੀ ਪਛਾਣ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਅਨੰਦ ਬਸਤੀ ਪਾਤੜਾਂ ਵਜੋਂ ਹੋਈ ਹੈ | ਮੌਕੇ ਉੱਤੇ ਪੁੱਜੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |