ਦੇਵੀਗੜ੍ਹ, 4 ਜੂਨ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗ਼ਾਨਾਂ ਦੀਆਂ ਖਿਡਾਰਨਾਂ ਨੇ ਇਕ ਵਾਰ ਫਿਰ ਖੇਡਾਂ 'ਚ ਮੱਲ੍ਹਾਂ ਮਾਰ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਚਮਕਾਇਆ ਹੈ | ਟੈਗੋਰ ਸਕੂਲ ਦੀਆਂ ਖਿਡਾਰਨਾਂ ਨੇ ਕਪੂਰਥਲਾ ਦੇ ਹਿੰਦੂ ਕੰਨਿਆ ਕਾਲਜ ਦੇ ਨੇੜੇ ਸ੍ਰੀ ਸਨਾਤਨ ਧਰਮ ਸਭਾ ਵਿਖੇ ਕਰਵਾਈ ਗਈ 27ਵੀਂ ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਵਿਸ਼ੂ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ 'ਚ ਮਨਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਲਵਿਤਾ ਨੇ ਸੋਨ ਤਗਮਾ ਜਿੱਤਿਆ | ਇਸੇ ਤਰ੍ਹਾਂ ਹਰਸਿਮਰਨ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਇਨ੍ਹਾਂ ਖਿਡਾਰਨਾਂ ਦੀ ਹੌਸਲਾ ਅਫਜਾਈ ਕਰਦਿਆਂ ਸਕੂਲ ਨਿਰਦੇਸ਼ਕ ਗੌਰਵ ਗੁਲ੍ਹਾਟੀ, ਪ੍ਰਧਾਨ ਸਲੋਨੀ ਗੁਲ੍ਹਾਟੀ, ਮੈਨੇਜਰ, ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਮੀਨਾਕਸ਼ੀ ਸੂਦ ਨੇ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਦੇ ਮੁਕਾਬਲਿਆਂ 'ਚ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕਰਦੇ ਹਾਂ |