ਰਾਜਪੁਰਾ, 4 ਜੂਨ (ਰਣਜੀਤ ਸਿੰਘ)-ਨਗਰ ਸੁਧਾਰ ਟਰੱਸਟ ਵਲੋਂ ਲੱਖਾਂ ਦੀ ਕਾਰਵਾਈ ਦੀ ਰਕਮ ਲਾ ਕੇ ਬਣਾਏ ਗਏ ਸ਼ੋਅਰੂਮ ਲਾਵਾਰਸ ਵਿਖਾਈ ਦੇ ਰਹੇ ਹਨ ਕਿਉਂਕਿ ਨਗਰ ਸੁਧਾਰ ਟਰੱਸਟ ਭੰਗ ਹੋਣ ਕਰਕੇ ਇਨ੍ਹਾਂ ਦੀ ਬੋਲੀ ਨਹੀ ਹੋ ਪਾ ਰਹੀ ਜਦੋਂ ਕਿ ਮੌਜੂਦਾ ਸਮੇਂ ਵਿਚ ਇਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੀ ਹੈ ਹੁਣ ਇਨ੍ਹਾਂ ਸ਼ੋਅਰੂਮਾਂ ਦੀ ਬੋਲੀ ਕਦੋਂ ਹੋਵੇਗੀ | ਇਸ ਦੇ ਬਾਰੇ ਵਿਚ ਕੋਈ ਵੀ ਅਧਿਕਾਰੀ ਦੱਸਣ ਨੂੰ ਤਿਆਰ ਨਹੀ ਹੈ | ਜਾਣਕਾਰੀ ਮੁਤਾਬਿਕ ਨਗਰ ਸੁਧਾਰ ਟਰੱਸਟ ਵਲੋਂ ਸ਼ਿਵ ਉਮ ਕੰਪਲੈਕਸ ਦੇ ਵਿਚ ਲਗਭਗ 8 ਸ਼ੋਅਰੂਮਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ | ਇਹ ਸ਼ੋਅਰੁੂਮਾਂ ਉੱਪਰ ਟਰੱਸਟ ਵਲੋਂ 50 ਲੱਖ ਤੋ ਜ਼ਿਆਦਾ ਦੀ ਰਕਮ ਖ਼ਰਚ ਕੀਤੀ ਗਈ ਹੈ, ਟਰੱਸਟ ਨੂੰ ਲੱਗਦਾ ਸੀ ਕਿ ਇਨ੍ਹਾਂ ਸ਼ੋ-ਰੁੂਮਾਂ ਖੁੱਲ੍ਹੀ ਬੋਲੀ ਰਾਹੀ ਵੇਚ ਕੇ ਮੋਟੀ ਕਮਾਈ ਕੀਤੀ ਜਾਵੇਗੀ ਪਰ ਮੌਜੂਦਾ ਦੌਰ ਵਿਚ ਪੰਜ ਛੇ ਸ਼ੋ-ਰੂਮ ਬਣਕੇ ਤਿਆਰ ਹੋ ਚੁੱਕੇ ਹਨ | ਜਦੋਂ ਕਿ ਦੋ-ਤਿੰਨ ਸ਼ੋ-ਰੂਮ ਨਿਰਮਾਣ ਦੀ ਉਡੀਕ ਵਿਚ ਹਨ ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ ਵਿਚ ਮਾਰਕੀਟ ਵੈਲਯੂ ਦੀ ਗੱਲ ਕੀਤੀ ਜਾਵੇ ਤਾਂ ਇਕ ਸ਼ੋ ਰੂਮ ਦੀ ਕੀਮਤ ਇਕ ਕਰੋੜ ਰੁਪਏ ਤੋ ਲੈ ਕੇ ਤਿੰਨ ਕਰੋੜ ਰੁਪਏ ਤੱਕ ਹੋ ਸਕਦੀ ਹੈ | ਜਦੋਂ ਕਿ ਦੋ ਤਿੰਨ ਸ਼ੋ-ਰੂਮ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਨਿਰਮਾਣ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਸਭ ਤੋ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਵਲੋਂ ਕਰੀਬ ਦੋ ਸਾਲ ਪਹਿਲਾਂ ਰਾਜਪੁਰਾ ਨਗਰ ਸੁਧਾਰ ਟਰੱਸਟ ਨੂੰ ਭੰਗ ਕਰ ਦਿੱਤਾ ਗਿਆ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇਹ ਟਰੱਸਟ ਭੰਗ ਕਰ ਦਿਤਾ ਗਿਆ ਸੀ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਟਰੱਸਟ ਨੂੰ ਨਗਰ ਕੌਂਸਲ ਵਿਚ ਮਰਜ਼ ਕੀਤਾ ਜਾਵੇਗਾ ਅਤੇ ਕੰਮ ਕਰਨ ਵਾਲੇ ਕਰਮਚਾਰੀ ਵੀ ਨਗਰ ਕੌਂਸਲ ਵਿਚ ਚਲੇ ਜਾਣਗੇ ਪਰ ਹੁਣ ਦੋ ਸਾਲ ਦਾ ਸਮਾ ਬੀਤਣ ਦੇ ਬਾਅਦ ਵੀ ਨਗਰ ਸੁਧਾਰ ਟਰੱਸਟ ਨੂੰ ਨਗਰ ਕੌਸ਼ਲ ਵਿਚ ਮਰਜ਼ ਨਹੀ ਕੀਤਾ ਜਾ ਸਕਿਆ ਨਗਰ ਸੁਧਾਰ ਟਰੱਸਟ ਪਹਿਲਾਂ ਦੀ ਤਰ੍ਹਾਂ ਕੰਮ ਤਾਂ ਕਰ ਰਿਹਾ ਹੈ ਪਰ ਉਨ੍ਹਾਂ ਕੋਲ ਉਹ ਸ਼ਕਤੀਆਂ ਨਹੀ ਹਨ ਜੋ ਨਗਰ ਸੁਧਾਰ ਟਰੱਸਟ ਦੇ ਸਮੇਂ ਹੋਇਆ ਕਰਦੀਆਂ ਸਨ | ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਨਗਰ ਸੁਧਾਰ ਟਰੱਸਟ ਚੰਗੀ ਕਮਾਈ ਕਰ ਰਿਹਾ ਸੀ ਤਾਂ ਕਰੋੜਾਂ ਰੁਪਏ ਦਾ ਮਾਲਕ ਬਣਿਆ ਹੋਇਆ ਸੀ ਪਰ ਸਮਾਂ ਬੀਤਣ ਦੇ ਨਾਲ ਹੀ ਨਗਰ ਸੁਧਾਰ ਟਰੱਸਟ ਵਲੋਂ ਰਾਜਪੁਰਾ ਨਗਰ ਕੌਂਸਲ ਏਰੀਏ ਵਿਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਤੇ ਖ਼ਰਚ ਕਰਨ ਦੇ ਨਾਲ-ਨਾਲ ਤਿੰਨ ਕਰੋੜ ਦਾ ਕਰਜ਼ ਨਗਰ ਸੁਧਾਰ ਟਰੱਸਟ ਜਲੰਧਰ ਨੂੰ ਵੀ ਦਿਤਾ ਜਾ ਚੁੱਕਾ ਹੈ | ਇਨ੍ਹਾਂ ਹੀ ਨਹੀ ਹੁਣ ਵੀ ਨਗਰ ਸੁਧਾਰ ਟਰੱਸਟ ਦੇ ਕੋਲ ਕਾਫੀ ਰਕਮ ਪਈ ਹੈ ਤੇ ਉਨ੍ਹਾਂ ਨੂੰ ਕੋਈ ਨਾ ਕੋਈ ਸਕੀਮ ਦਿੱਤੀ ਜਾਵੇ ਤਾਂ ਕਿ ਉਹ ਕਮਾਈ ਵਾਲੀ ਯੋਜਨਾਵਾਂ ਬਣਾ ਸਕਣ | ਮੌਜੂਦਾ ਦੌਰ ਵਿਚ ਦੋ ਪੱਕੇ ਕਰਮਚਾਰੀਆਂ ਦੇ ਇਲਾਵਾ ਦੋ ਤਿੰਨ ਕੰਟਰੈਕਟ ਦੇ ਕਰਮਚਾਰੀ ਕੰਮ ਕਰ ਰਹੇ ਹਨ | ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਸਰਕਾਰ ਸ਼ਿਵ ਉਮ ਕੰਪਲੈਕਸ ਵਿਚ ਬਣੇ ਸ਼ੋ-ਰੂਮਾਂ ਨੂੰ ਲੈ ਕੇ ਕੀ ਨੀਤੀ ਅਪਣਾਉਂਦੀ ਹੈ ਕਿਉਂਕਿ ਜ਼ਿਆਦਾ ਦੇਰੀ ਹੋਣ ਨਾਲ ਕਮਾਈ ਵੇਖਣ ਨੂੰ ਮਿਲ ਸਕਦੀ ਹੈ ਜਦੋਂ ਇਸ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਪ੍ਰਬੋਧ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਉਨ੍ਹਾਂ ਕੋਲ ਪਏ ਪੈਸੇ ਜਾਇਦਾਦ ਸੰਬੰਧੀ ਜਾਣਕਾਰੀ ਮੰਗੀ ਗਈ ਸੀ ਜਿਸ ਦੀ ਜਾਣਕਾਰੀ ਵਿਭਾਗ ਨੂੰ ਦੇ ਦਿਤੀ ਗਈ ਹੈ ਜਿਹੜੇ ਸ਼ੋ-ਰੂਮ ਬਣਾਏ ਗਏ ਹਨ ਉਹ ਉਸ ਵਕਤ ਤੱਕ ਨਹੀ ਵੇਚੇ ਜਾ ਸਕਦੇ ਜਦੋਂ ਤੱਕ ਨਗਰ ਸੁਧਾਰ ਟਰੱਸਟ ਬਹਾਲ ਨਾ ਹੋਵੇ |