ਸਨੌਰ, 2 ਸਤੰਬਰ (ਸੋਖਲ)-ਹਲਕਾ ਸਨੌਰ ਇਸ ਸਮੇਂ ਸਿਆਸੀ ਤੇ ਸਮਾਜਿਕ ਹਲਚਲ ਦੇ ਕੇਂਦਰ ਬਣਿਆ ਦਿਖਾਈ ਦੇ ਰਿਹਾ ਹੈ | ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗਿ੍ਫਤਾਰੀ ਅਤੇ ਫਿਰ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਿਸ ਹਿਰਾਸਤ ਵਿਚੋਂ ਫ਼ਿਲਮੀ ਅੰਦਾਜ਼ 'ਚ ਉਨ੍ਹਾਂ ਨੂੰ ਛੁਡਾ ਕੇ ਲਿਜਾਣ ਦੀ ਘਟਨਾ ਨੇ ਹਲਕੇ ਵਿਚ ਸਹਿਮ ਅਤੇ ਚਰਚਾ ਦਾ ਮਾਹੌਲ ਤਿਆਰ ਕਰ ਦਿੱਤਾ ਹੈ | ਇਸ ਸਾਰੇ ਪ੍ਰਸੰਗ ਨੇ ਸਿਰਫ ਸਨੌਰ ਹੀ ਨਹੀਂ, ਸਗੋਂ ਸੂਬੇ ਦੀ ਰਾਜਨੀਤੀ ਵਿੱਚ ਵੀ ਨਵਾਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ | ਸੂਤਰਾਂ ਅਨੁਸਾਰ, ਪਠਾਣਮਾਜਰਾ ਵਿਰੁੱਧ ਧਾਰਾ 376,420 ਵਰਗੀਆਂ ਗੰਭੀਰ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਸੀ | ਪਰ ਅਚਾਨਕ ਹੀ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਫ਼ਿਲਮੀ ਅੰਦਾਜ਼ ਵਿਚ ਹਿਰਾਸਤ ਤੋਂ ਛੁਡਵਾਉਣ ਦੀ ਘਟਨਾ ਨੇ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਲੋਕਾਂ ਵਿਚ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿੱਥੇ ਕਈ ਇਸ ਨੂੰ ਰਾਜਨੀਤਿਕ ਦਬਾਅ ਦਾ ਨਤੀਜਾ ਮੰਨ ਰਹੇ ਹਨ, ਉੱਥੇ ਕੁਝ ਇਸ ਨੂੰ ਪ੍ਰਸ਼ਾਸਨ ਦੀ ਨਾਕਾਮੀ ਕਰਾਰ ਦੇ ਰਹੇ ਹਨ | ਇਸ ਮਾਮਲੇ ਵਿਚ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਈ.ਏ.ਐਸ. ਅਧਿਕਾਰੀ ਕਿ੍ਸ਼ਨ ਕੁਮਾਰ ਹਮੇਸ਼ਾਂ ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਹਨ | ਸੰਧੂ ਨੇ ਇਹ ਵੀ ਕਿਹਾ ਕਿ Tਜਿਨ੍ਹਾਂ ਲੋਕਾਂ ਨੇ ਰੇਤ ਮਾਫ਼ੀਆ ਖ਼ਤਮ ਕਰਨ ਦੇ ਕਦਮ ਚੁੱਕੇ, ਉਨ੍ਹਾਂ ਖਿਲਾਫ਼ ਹੀ ਵਿਧਾਇਕ ਪਠਾਣਮਾਜਰਾ ਵਲੋਂ ਬੋਲਣ ਦੀ ਨਿੰਦਾ ਕਰਦੇ ਹਨ ਉਨ੍ਹਾਂ ਕਿਹਾ ਕਿ ਪਰ ਸਰਕਾਰ ਲੋਕਾਂ ਦੇ ਹਿੱਤਾਂ ਲਈ ਹਰ ਵੇਲੇ ਖੜ੍ਹੀ ਹੈ |U ਦੂਜੇ ਪਾਸੇ ਸਨੌਰ ਦੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਕਿਹਾ ਕਿ ਵਿਧਾਇਕ ਵਿਰੁੱਧ ਰੇਪ ਦਾ ਕੇਸ ਕਾਫ਼ੀ ਸਮੇਂ ਤੋਂ ਜਾਂਚ ਹੇਠ ਸੀ, ਅਤੇ ਹੁਣ ਉਸੇ ਮਾਮਲੇ ਅਧੀਨ ਐਫ ਆਈ ਆਰ ਦਰਜ ਕੀਤੀ ਗਈ ਹੈ | ਜੋਸ਼ਨ ਨੇ ਕਿਹਾ ਕਿ Tਜੇਕਰ ਵਿਧਾਇਕ ਸੱਚੇ ਹਨ, ਤਾਂ ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ ਹੈ, ਨਾ ਕਿ ਹਿਰਾਸਤ ਤੋਂ ਬਚਣ ਲਈ ਅਜਿਹੇ ਗੈਰਕਾਨੂੰਨੀ ਹਥਕੰਡੇ ਵਰਤਣੇ ਚਾਹੀਦੇ ਹਨ |U ਉਨ੍ਹਾਂ ਕਿਹਾ ਕਿ ਇਹ ਘਟਨਾ ਹਲਕੇ ਦੀ ਸਿਆਸਤ ਨੂੰ ਬਦਨਾਮ ਕਰਨ ਵਾਲੀ ਹੈ ਅਤੇ ਕਾਨੂੰਨ ਤੇ ਲੋਕਤੰਤਰ 'ਤੇ ਵੱਡਾ ਪ੍ਰਸ਼ਨਚਿੰਨ੍ਹ ਖੜ੍ਹਾ ਕਰਦੀ ਹੈ | ਸਨੌਰ ਦੇ ਲੋਕਾਂ ਵਿੱਚ ਇਸ ਘਟਨਾ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਹੈ | ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ, ਲੋਕ ਖੁੱਲ੍ਹ ਕੇ ਇਸ ਮਾਮਲੇ 'ਤੇ ਗੱਲ ਕਰਨ ਤੋਂ ਵੀ ਹਿਚਕਚਾ ਰਹੇ ਹਨ | ਪ੍ਰਦੀਪ ਜੋਸ਼ਨ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ |