ਨਾਭਾ, 2 ਸਤੰਬਰ (ਕਰਮਜੀਤ ਸਿੰਘ)-ਨੇੜਲੇ ਪਿੰਡ ਸਾਧੋਹੇੜੀ ਵਿਚ ਦਸਤਾਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਅਤੇ ਧਰਮ ਨਾਲ ਜੋੜਨਾ ਸੀ | ਇਹ ਮੁਕਾਬਲੇ ਪਿੰਡ ਦੇ ਨੌਜਵਾਨ ਵਰਿੰਦਰ ਸਿੰਘ ਦੀ ਮਿਹਨਤ ਨਾਲ ਕਰਵਾਏ ਗਏ, ਜਿਨ੍ਹਾਂ ਵਿਚ 10 ਤੋਂ 25 ਸਾਲ ਦੇ ਕਰੀਬ 35 ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ | ਮੁਕਾਬਲਿਆਂ ਦੌਰਾਨ ਸਜਾਈਆਂ ਗਈਆਂ ਸੋਹਣੀਆਂ ਦਸਤਾਰਾਂ ਦੀ ਚੋਣ ਅਤੇ ਧਰਮ, ਵਿਰਸੇ ਤੇ ਸ਼ਹੀਦਾਂ ਨਾਲ ਸੰਬੰਧਿਤ ਸਵਾਲ-ਜਵਾਬਾਂ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਨਾਭਾ ਦੇ ਸੇਵਾਦਾਰਾਂ ਨੇ ਨਿਭਾਈ |ਭਾਈ ਅਮਨਦੀਪ ਸਿੰਘ ਲਵਲੀ, ਦਸਤਾਰ ਕੋਚ ਭੁਪਿੰਦਰ ਸਿੰਘ ਅਮਨ ਅਤੇ ਜਪਨੀਤ ਸਿੰਘ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਛੋਟੇ ਬੱਚਿਆਂ ਤੋਂ ਸ੍ਰੀ ਮੂਲ ਮੰਤਰ, ਚਾਰ ਸਾਹਿਬਜ਼ਾਦਿਆਂ, ਦਸ ਪਾਤਸ਼ਾਹੀਆਂ ਅਤੇ ਪੰਜ ਪਿਆਰਿਆਂ ਦੇ ਨਾਮ ਵੀ ਸੁਣੇ ਗਏ | ਸਾਰੇ ਭਾਗੀਦਾਰਾਂ ਦਾ ਸਨਮਾਨ ਕੀਤਾ ਗਿਆ, ਜਦਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਮਿਲਿਆ | ਇਸ ਤੋਂ ਇਲਾਵਾ, ਪਿੰਡ ਵਿਚ ਪੜ੍ਹਾਈ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ, ਸਫਾਈ ਵਿਚ ਸਹਿਯੋਗ ਦੇਣ ਵਾਲੇ ਅਤੇ ਪੁਰਾਤਨ ਵਿਰਸੇ ਨਾਲ ਸੰਬੰਧਿਤ ਸਮਾਨ ਇਕੱਤਰ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਮਹਿਲਾਵਾਂ ਤੇ ਮਾਵਾਂ ਨੇ ਇਸ ਗੱਲ 'ਤੇ ਖੁਸ਼ੀ ਜਤਾਈ ਕਿ ਇਹ ਉਪਰਾਲਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਵਿਰਸੇ ਨਾਲ ਜੋੜਨ ਵੱਲ ਵੱਡਾ ਕਦਮ ਹੈ | ਸਮਾਗਮ ਦੌਰਾਨ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਸਾਖੀਆਂ ਅਤੇ ਕੁਰਬਾਨੀਆਂ ਬਾਰੇ ਦੱਸਣ ਤਾਂ ਜੋ ਉਹ ਚੰਗੇ ਜੀਵਨ ਵੱਲ ਵਧ ਸਕਣ | ਅੰਤ ਵਿੱਚ ਪਿੰਡ ਵਾਸੀਆਂ ਵੱਲੋਂ ਸੰਸਥਾ ਦੇ ਮੁਖੀ ਅਮਨਦੀਪ ਸਿੰਘ ਲਵਲੀ, ਦਸਤਾਰ ਕੋਚਾਂ ਅਤੇ ਕਲਾਕਾਰ ਰੂਬੀ ਚੱਠਾ ਦਾ ਸਨਮਾਨ ਕੀਤਾ ਗਿਆ |