ਦੇਵੀਗੜ੍ਹ, 2 ਸਤੰਬਰ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕਰਦੇ ਹੋਏ ਕਿਹਾ ਕਿ ਕੁਦਰਤੀ ਆਫ਼ਤ ਦੇ ਇਸ ਸਮੇਂ ਵਿੱਚ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ | ਉਹ ਅੱਜ ਪਿੰਡ ਮਹਿਮੂਦਪੁਰ ਨੇੜਲੇ ਪਿੰਡਾਂ ਦਾ ਜਿਥੇ ਕੱਲ੍ਹ ਘੱਗਰ ਦਰਿਆ ਦਾ ਪਾਣੀ ਫਸਲਾਂ 'ਚ ਭਰ ਗਿਆ ਸੀ ਦਾ ਜਾਇਜ਼ਾ ਲੈਣ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਅਜੇ ਬਚਾਅ ਲੇਕਿਨ ਦੁਸਰੇ ਜ਼ਿਲਿਆਂ ਵਿਚ ਇਹ ਸਾਫ਼ ਨਜ਼ਰ ਆਇਆ ਹੈ ਕਿ ਲੋਕਾਂ ਦੇ ਖੇਤਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ | ਕਈ ਪਰਿਵਾਰ ਆਪਣੀ ਰੋਜ਼ੀ-ਰੋਟੀ ਤੋਂ ਵਾਂਝੇ ਹੋ ਗਏ ਹਨ ਅਤੇ ਪਸ਼ੂਆਂ ਲਈ ਚਾਰਾ ਤੱਕ ਮੁਹੱਈਆ ਨਹੀਂ ਹੋ ਰਿਹਾ | ਐਸੇ ਹਾਲਾਤਾਂ ਵਿਚ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਦੀ ਲੋੜ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਵਾਧੂ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਇਹ ਮੁਆਵਜ਼ਾ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਤੱਕ ਪਹੁੰਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿਚ ਹਾਲੇ ਵੀ ਸਾਫ਼ ਪੀਣ ਵਾਲੇ ਪਾਣੀ ਅਤੇ ਸਿਹਤ ਸਹੂਲਤਾਂ ਦੀ ਕਮੀ ਹੈ | ਬੱਚਿਆਂ ਅਤੇ ਬਜ਼ੁਰਗਾਂ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ | ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਜੇ ਹਰ ਇਨਸਾਨ ਆਪਣੀ ਸਮਰੱਥ ਅਨੁਸਾਰ ਮਦਦ ਕਰੇ ਤਾਂ ਹੜ੍ਹ ਪੀੜਤ ਲੋਕਾਂ ਦਾ ਦੁੱਖ ਘੱਟ ਕੀਤਾ ਜਾ ਸਕਦਾ ਹੈ | ਉਨ੍ਹਾਂ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਹਤ ਕੰਮਾਂ ਵਿੱਚ ਹਿੱਸਾ ਪਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਹੌਸਲਾ ਅਫ਼ਜ਼ਾਈ ਕਰਨ | ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਹ ਖੁਦ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਹਰੇਕ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਅਸਲੀ ਮੁਸ਼ਕਲਾਂ ਨੂੰ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ ਤਾਂ ਜੋ ਰਾਹਤ ਕੰਮ ਹੋਰ ਤੇਜ਼ੀ ਨਾਲ ਹੋ ਸਕਣ | ਉਨ੍ਹਾਂ ਅੰਤ ਵਿਚ ਕਿਹਾ ਕਿ ਹੜ੍ਹ ਸਿਰਫ਼ ਇੱਕ ਇਲਾਕੇ ਦੀ ਸਮੱਸਿਆ ਨਹੀਂ ਬਲਕਿ ਸਾਰੇ ਸਮਾਜ ਲਈ ਚੁਣੌਤੀ ਹੈ | ਜੇ ਅਸੀਂ ਇਕੱਠੇ ਹੋ ਕੇ ਇਸਦਾ ਸਾਹਮਣਾ ਕਰਾਂਗੇ ਤਾਂ ਲੋਕਾਂ ਨੂੰ ਇਸ ਸੰਕਟ ਤੋਂ ਬਚਾਇਆ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਘੁੰਮਣ, ਭਿੰਦਰ ਸਿੰਘ ਆਲਮਪੁਰ ਬਲਾਕ ਪ੍ਰਧਾਨ, ਮਨਪ੍ਰੀਤ ਸਿੰਘ ਮਹਿਮਦਪੁਰ, ਧਰਮਪਾਲ ਸਿੰਘ ਸ਼ੇਖੂਪੁਰ, ਕੁੱਕੂ ਸਰਪੰਚ ਠਾਕੁਰਗੜ੍ਹ, ਗੋਪੀ ਸਰਪੰਚ ਰਾਜਗੜ੍ਹ, ਬਾਬਾ ਪਿੱਪਲ ਸਿੰਘ ਸ਼ਾਦੀਪੁਰ, ਰੁਪਿੰਦਰ ਸਿੰਘ ਬਹਿਰੂ, ਕਾਲਾ ਜਲਾਹਖੇੜੀ, ਜਰਨੈਲ ਸਿੰਘ ਸੰਧੂ, ਮਨਜੀਤ ਸਿੰਘ ਸੰਧੂ ਤੇ ਇਲਾਕੇ ਦੇ ਬਹੁਤ ਸਾਰੇ ਲੋਕ ਹਾਜ਼ਰ ਸਨ |