ਪਟਿਆਲਾ, 5 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਕਾਦਮਿਕ ਖੇਤਰ ਵਿਚ ਇਕ ਹੋਰ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਨਿਰਫ ਰੈਂਕਿੰਗ (ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ਤਹਿਤ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੀ ਓਵਰਆਲ ਸੂਚੀ ਵਿਚ ਸਰਵੋਤਮ 200 ਯੂਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ | ਇਸ ਤੋਂ ਇਲਾਵਾ ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿਚ ਪੰਜਾਬੀ ਯੂਨੀਵਰਸਿਟੀ ਪਹਿਲੀਆਂ 100 ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਈ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਮ 100 ਵਾਲੀ ਸੂਚੀ ਵਿਚ ਸ਼ੁਮਾਰ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ਼ ਹੀ ਫਾਰਮੇਸੀ ਵਿਭਾਗਾਂ ਦੀ ਵੱਖਰੇ ਤੌਰ ਉੱਤੇ ਜਾਰੀ ਹੁੰਦੀ ਦਰਜਾਬੰਦੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਨੇ ਦੇਸ਼ ਭਰ ਵਿਚੋਂ 59ਵਾਂ ਰੈਂਕ ਹਾਸਿਲ ਕੀਤਾ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਬਿਹਤਰ ਦਰਜਾਬੰਦੀ ਹਾਸਿਲ ਕਰਨ ਨਾਲ ਜਿੱਥੇ ਅਦਾਰੇ ਦੇ ਵੱਕਾਰ ਅਤੇ ਇਸ ਨਾਲ ਜੁੜੇ ਲੋਕਾਂ ਦੇ ਮਨੋਬਲ ਵਿਚ ਵਾਧਾ ਹੁੰਦਾ ਹੈ, ਓਥੇ ਹੀ ਚੰਗੀ ਰੈਂਕਿੰਗ ਦੀ ਬਦੌਲਤ ਯੂਨੀਵਰਸਿਟੀ ਵੱਖ-ਵੱਖ ਏਜੰਸੀਆਂ ਜਾਂ ਅਦਾਰਿਆਂ ਤੋਂ ਅਜਿਹੀ ਅਕਾਦਮਿਕ ਫੰਡਿੰਗ ਲਈ ਵੀ ਯੋਗ ਹੋ ਜਾਂਦੀ ਹੈ ਜੋ ਕਿ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਨੂੰ ਹੀ ਫੰਡਿੰਗ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਇਸ ਸਭ ਦਾ ਸਿਹਰਾ ਯੂਨੀਵਰਸਿਟੀ ਦੀਆਂ ਵੱਖ-ਵੱਖ ਫ਼ੈਕਲਟੀਆਂ ਦੇ ਅਧਿਆਪਕਾਂ, ਗ਼ੈਰ ਅਧਿਆਪਨ ਵਰਗ, ਵਿਦਿਆਰਥੀਆਂ, ਖੋਜਾਰਥੀਆਂ, ਅਧਿਕਾਰੀਆਂ, ਗਵਰਰਨਿੰਗ ਬਾਡੀਜ਼ ਨੂੰ ਦਿੰਦੇ ਹਨ ਜਿਨ੍ਹਾਂ ਦੇ ਸਮੂਹਿਕ ਯਤਨਾਂ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ | ਉਨ੍ਹਾਂ ਯੂਨੀਵਰਸਿਟੀ ਨੂੰ ਵੱਖ-ਵੱਖ ਖੋਜ ਕਾਰਜਾਂ ਲਈ ਫੰਡਿੰਗ ਮੁਹੱਈਆ ਕਰਵਾਉਣ ਵਾਲ਼ੇ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਜਿਸ ਦੀ ਮਦਦ ਨਾਲ ਚੱਲ ਰਹੇ ਗੁਣਵੱਤਾ ਸੰਪੰਨ ਖੋਜ ਪ੍ਰਾਜੈਕਟ ਇਸ ਵੱਕਾਰ ਨੂੰ ਹਾਸਿਲ ਕਰਨ ਵਿਚ ਮਦਦਗਾਰ ਸਾਬਤ ਹੋਏ ਹਨ | ਉਨ੍ਹਾਂ ਕਿਹਾ ਕਿ ਇਸ ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿਚ ਉਤਾਂਹ ਵੱਲ ਨੂੰ ਉੱਠਣਾ ਸਾਨੂੰ ਸਭ ਨੂੰ ਇਕ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ ਜਿਸ ਨਾਲ ਯੂਨੀਵਰਸਿਟੀ ਪਰਿਵਾਰ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਰਨਾ ਮਿਲੇਗੀ | ਉਨ੍ਹਾਂ ਕਿਹਾ ਕਿ ਰਾਸ਼ਟਰ ਪੱਧਰੀ ਰੈਂਕਿੰਗ ਵਿਚ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਹਵਾਲੇ ਨਾਲ ਹੋਏ ਅਜਿਹੇ ਕਾਰਜਾਂ ਨੇ ਵੀ ਢੁਕਵੀਂ ਭੂਮਿਕਾ ਨਿਭਾਈ ਹੈ ਜੋ ਕਿ ਮਾਣ ਵਾਲੀ ਗੱਲ ਹੈ | ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਨਿਰਫ਼ ਦੀ ਰੈਂਕਿੰਗ ਵਿਚ ਉੱਪਰ ਆਉਣਾ ਆਪਣੇ ਆਪ ਵਿਚ ਇਕ ਅਹਿਮ ਪ੍ਰਾਪਤੀ ਹੈ | ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚਲੇ ਵਿਸ਼ੇਸ਼ ਅਕਾਦਮਿਕ ਮਾਹੌਲ ਦਾ ਹੀ ਸਿੱਟਾ ਹੈ ਕਿ ਯੂਨੀਵਰਸਿਟੀ ਲਗਾਤਾਰ ਪ੍ਰਾਪਤੀਆਂ ਕਰ ਰਹੀ ਹੈ |