ਪਾਤੜਾਂ, 5 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)-ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਘੱਗਰ ਵਿਚ ਪਿਛਲੇ ਦਿਨਾਂ ਤੋਂ ਵੱਧ ਰਹੇ ਪਾਣੀ 'ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ | ਅਸ਼ੋਕ ਕੁਮਾਰ ਨੇ ਦੱਸਿਆ ਕਿ ਅਹਤਿਆਤ ਵਜੋਂ ਇਥੇ ਫ਼ੌਜ ਦੀ ਮਦਦ ਲਈ ਜਾ ਰਹੀ ਹੈ ਤੇ ਅੱਜ ਡਰੇਨੇਜ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਤੇ ਸਥਾਨਕ ਵਸਨੀਕਾਂ ਦੀ ਮਦਦ ਨਾਲ ਹਰਚੰਦਪੁਰਾ ਬੰਨ੍ਹ ਨੂੰ ਬੋਰੀਆਂ ਲਗਾ ਕੇ ਹੋਰ ਮਜ਼ਬੂਤ ਕੀਤਾ ਗਿਆ ਹੈ | ਐਸ.ਡੀ.ਐਮ ਨੇ ਦੱਸਿਆ ਕਿ ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੀਆਂ ਹਨ | ਸਥਾਨਕ ਨਿਵਾਸੀਆਂ ਦੀ ਮਦਦ ਨਾਲ ਹਰ 500 ਮੀਟਰ 'ਤੇ ਸਾਰੇ ਬੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਸਥਾਨਕ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨੀ ਨਾ ਕੀਤੀ ਜਾਵੇ ਅਤੇ ਕਿਸੇ ਵੀ ਵੀਡੀਓ ਜਾਂ ਸੰਦੇਸ਼ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੇ ਸੱਚੇ ਹੋਣ ਸੰਬੰਧੀ ਪੁਸ਼ਟੀ ਕਰ ਲਈ ਜਾਵੇ | ਇਸ ਮੌਕੇ ਐੱਸ.ਡੀ.ਐੱਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੁਤਰਾਣਾ, ਗੁਰਦੁਆਰਾ ਸਾਹਿਬ ਬਹਿਰ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ, ਬਕਰਾਹਾ, ਸਰਕਾਰੀ ਕਿਰਤੀ ਕਾਲਜ ਪਿੰਡ ਨਿਆਲ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ ਅਤੇ ਕੰਟਰੋਲ ਰੂਮ ਸੰਪਰਕ ਨੰਬਰ 01764-243403 ਵੀ ਸਥਾਪਤ ਕੀਤਾ ਗਿਆ ਹੈ |