ਘਨੌਰ, 5 ਸੰਤਬਰ (ਸਰਦਾਰਾ ਸਿੰਘ ਲਾਛੜੂ)-ਪਿਛਲੇ ਦਿਨਾਂ ਤੋ ਭਾਰੀ ਬਰਸਾਤ ਨੇ ਅਤੇ ਉੱਪਰੋਂ ਆਏ ਪਾਣੀ ਨੇ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਪੰਜਾਬ ਦੇ ਲੋਕਾਂ ਨੂੰ ਮਸੀਬਤ ਦੇ ਵਿਚ ਧੱਕਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਮਹਿਲਾ ਮੋਰਚਾ ਦੇ ਸੂਬਾ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਹਲਕਾ ਘਨੌਰ ਦੇ ਹੜ੍ਹ ਦੀ ਮਸੀਬਤ ਵਿਚ ਘਿਰੇ ਲੋਕਾਂ ਦੇ ਦੁੱਖ ਵੰਡਾਉਣ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਜੈਇੰਦਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਨਦੀਆ ਨਾਲਿਆਂ ਦੀ ਸਫ਼ਾਈ ਕਰਵਾਈ ਹੁੰਦੀ ਤੇ ਘੱਗਰ ਦੇ ਕੰਢਿਆਂ ਦੀ ਰਿਪੇਅਰ ਸਮੇਂ ਸਿਰ ਕਰਵਾਈ ਜਾਂਦੀ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਇਸ ਦੁੱਖ ਦੀ ਘੜੀ ਦੇ ਵਿਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿਚ ਲੋਕਾਂ ਦੀ ਮਦਦ ਕਰ ਰਹੀ ਹੈ | ਭਾਜਪਾ ਦੇ ਹਲਕਾ ਘਨੌਰ ਦੇ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਸਾਨੂੰ ਪਰਿਵਾਰ ਤੋਂ ਵੀ ਵੱਧ ਹੈ ਹਲਕਾ ਘਨੌਰ ਦੀ ਹਰ ਮਸੀਬਤ 'ਚ ਚਟਾਨ ਵਾਂਗ ਖੜਾਂਗੇ | ਹਰਪਾਲਪੁਰ ਨੇ ਕਿਹਾ ਕਿ ਅੱਜ ਜੋ ਵੀ ਮੁਸੀਬਤ ਆਈ ਹੈ ਇਸ ਔਖੇ ਸਮੇਂ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ | ਇਸ ਮੌਕੇ ਸਤਵੀਰ ਸਿੰਘ ਖੱਟੜਾ, ਸਰਪੰਚ ਬਲਜਿੰਦਰ ਸਿੰਘ ਮਾੜੂ, ਹਰਮੇਸ਼ ਗੋਇਲ, ਸੁਲੱਖਣ ਸਿੰਘ ਭੰਗੂ, ਹਰਮਨ ਸਿੰਘ, ਸੁਖਵੀਰ ਸਿੰਘ ਵੜੈਚ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ |