ਰਾਜਪੁਰਾ, 5 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ-ਪਟਿਆਲਾ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਸਕੂਟਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ | ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪਿਆਸੂ ਕੁਮਾਰ ਵਾਸੀ ਪਿੰਡ ਸ਼ਾਮਦੋ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਪਿਤਾ ਜਗਦੀਸ਼ ਕੁਮਾਰ ਆਪਣੇ ਦੋਸਤ ਨਰਿੰਦਰ ਕੁਮਾਰ ਵਾਸੀ ਪਿੰਡ ਨੀਲਪੁਰ ਨਾਲ ਸਕੂਟਰ ਤੇ ਸਵਾਰ ਹੋ ਕੇ ਰਾਜਪੁਰਾ-ਪਟਿਆਲਾ ਮਾਰਗ 'ਤੇ ਅਹੂਜਾ ਫ਼ਰਨੀਚਰ ਨੇੜੇ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਇਕ ਟਰੱਕ ਦੇ ਚਾਲਕ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਦੇ ਸਕੂਟਰ ਵਿਚ ਟੱਕਰ ਮਾਰ ਦਿੱਤੀ ਤੇ ਟਰੱਕ ਛੱਡ ਮੌਕੇ ਤੋਂ ਫਰਾਰ ਹੋ ਗਿਆ | ਜਿਸ ਕਾਰਨ ਉਸ ਦੇ ਪਿਤਾ ਜਗਦੀਸ਼ ਕੁਮਾਰ ਦੀ ਮੌਤ ਹੋ ਗਈ ਤੇ ਦੋਸਤ ਨਰਿੰਦਰ ਕੁਮਾਰ ਜ਼ਖ਼ਮੀ ਹੋ ਗਿਆ | ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |