ਪਾਤੜਾਂ, 23 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਯੋਜਨਾ ਤਹਿਤ ਬਣਾਏ ਗਏ ਦਿੱਲੀ ਜੰਮੂ ਕਟੜਾ ਕਟੜਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀ ਗਈ ਜ਼ਮੀਨ ਨੂੰ ਲੈ ਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਭਾਰਤੀ ਕਿਸਾਨ ਨੇ ਏਕਤਾ ਆਜ਼ਾਦ ਦੇ ਬਲਾਕ ਪਾਤੜਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਵਾਰ-ਵਾਰ ਵਾਧਿਆਂ ਦੇ ਬਾਵਜੂਦ ਪ੍ਰਸਾਸਨਿਕ ਅਧਿਕਾਰੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਸੰਬੰਧੀ ਰੋਸ ਪ੍ਰਗਟ ਕੀਤਾ ਗਿਆ | ਮੀਟਿੰਗ ਵਿਚ ਕੀਤੇ ਗਏ ਫ਼ੈਸਲੇ ਅਨੁਸਾਰ 26 ਸਤੰਬਰ ਨੂੰ ਐਸਡੀਐਮ ਦਫ਼ਤਰ ਪਾਤੜਾਂ ਵਿਚ ਧਰਨਾ ਦਿਨ ਦੇ ਨਾਲ-ਨਾਲ ਜਾਇਜ਼ ਮੰਗਾਂ ਪੂਰੀਆਂ ਨਾ ਕੀਤੇ ਜਾਣ 'ਤੇ ਆਉਣ ਵਾਲੇ ਸਮੇਂ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਪਾਤੜਾਂ ਤਹਿਸੀਲ ਦੇ 11 ਪਿੰਡ ਬਰਾਸ, ਘੱਗਾ, ਅਤਾਲਾਂ, ਤੰਬੂਵਾਲਾ, ਬਣਵਾਲਾ, ਸ਼ੁਤਰਾਣਾ, ਦੁਤਾਲ, ਤੇਈਪੁਰ, ਠਰੂਆ ਅਤੇ ਗਲੌਲੀ ਦੀ ਲਗਭਗ 700 ਏਕੜ ਜ਼ਮੀਨ ਐਕੁਆਇਰ ਕੀਤੀ ਗਈ | ਜਿਸ ਕਾਰਨ ਕਿਸਾਨਾਂ ਦੀ ਜ਼ਮੀਨਾਂ ਦੁਫਾੜ ਹੋ ਗਈਆਂ ਅਤੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਰਸਤੇ ਖ਼ਤਮ ਹੋ ਗਏ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਵਿਚ ਰਸਤੇ, ਪਾਣੀ ਲਈ ਧਰਤੀ ਹੇਠ ਦੱਬੀਆਂ ਪਾਈਪ-ਲਾਈਨਾਂ ਦਾ ਅਵਾਰਡ, ਕਮਿਸ਼ਨਰ ਸਾਹਿਬ ਦੇ ਚੱਲ ਰਹੇ ਕੇਸਾਂ ਦਾ ਮੁਆਵਜ਼ਾ, ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਅਤਾਲਾ ਦੀ ਜ਼ਿਲ੍ਹਾ ਅਦਾਲਤ ਵਿਚ ਜਮਾਂ ਹੋਈ ਰਾਸ਼ੀ ਦਾ ਮਸਲਾ, ਫਲਦਾਰ ਪੌਦਿਆਂ ਦਾ ਅਵਾਰਡ, ਕਿਸਾਨਾਂ ਦੀਆਂ ਰਹਿ ਗਈਆਂ ਪਾਈਪ-ਲਾਈਨਾਂ ਦੀ ਅਸੈਸਮੈਂਟ, ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਕਤੂਬਰ 2023 ਵਿਚ 14 ਦਿਨ ਰੋਡ ਦਾ ਸਾਰਾ ਕੰਮ ਬੰਦ ਕਰਵਾ ਕੇ ਧਰਨਾ ਦਿੱਤਾ ਗਿਆ ਸੀ | ਇਸ ਦੌਰਾਨ ਪੀ.ਡੀ. ਭਵਾਨੀ ਅਤੇ ਐਸਡੀਐਮ ਪਾਤੜਾਂ ਨੇ ਧਰਨੇ ਵਿਚ ਪਹੁੰਚ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਲਦ ਹੀ ਇਹ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ | ਅਧਿਕਾਰੀਆਂ 'ਤੇ ਵਿਸ਼ਵਾਸ ਕਰਕੇ ਕਿਸਾਨਾਂ ਨੇ ਧਰਨਾ ਵਾਪਸ ਲਿਆ ਸੀ ਪਰ ਦੋ ਸਾਲ ਬੀਤਣ ਦੇ ਬਾਅਦ ਵੀ ਕਿਸਾਨਾਂ ਦੇ ਹੱਕਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸੂਬੇ ਵਿਚ ਆਏ ਹੜ੍ਹਾਂ ਦੇ ਨਾਲ-ਨਾਲ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿਚ ਚਾਈਨਾ ਵਾਇਰਸ ਬੌਨੇ ਬੂਟੇ ਦੇ ਕਾਰਨ ਹੋਏ ਨੁਕਸਾਨ ਦੀਆਂ ਤੁਰੰਤ ਗਿਰਦਾਵਰੀ ਕਰਨ ਤੇ ਨਾਲ ਖੇਤੀਬਾੜੀ ਮਾਹਿਰਾਂ ਨੂੰ ਬੁਲਾ ਕੇ ਇਸ ਦੀ ਜਾਂਚ ਕੀਤੀ ਜਾਵੇ ਜਲਦੀ ਮੁਆਵਜ਼ਾ ਹੋਏ ਨੁਕਸਾਨ ਮੁਤਾਬਿਕ ਸਰਕਾਰ ਵਲੋਂ ਦਿੱਤਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ, ਪ੍ਰੈੱਸ ਸਕੱਤਰ ਗੁਰਜਿੰਦਰ ਸਿੰਘ, ਖ਼ਜ਼ਾਨਚੀ ਗੁਰਜੰਟ ਸਿੰਘ ਸਧਾਰਨਪੁਰ, ਜਨਰਲ ਸਕੱਤਰ ਅਮਰਿੰਦਰ ਸਿੰਘ ਘੱਗਾ, ਸੁਖਵਿੰਦਰ ਸਿੰਘ ਦਫ਼ਤਰੀ ਵਾਲਾ, ਸੰਗਠਨ ਸਕੱਤਰ ਅਮਰੀਕ ਸਿੰਘ ਕਲਵਾਣੂ, ਬੂਟਾ ਸਿੰਘ, ਪਿ੍ਤਪਾਲ ਸਿੰਘ ਤੰਬੂਵਾਲਾ ਇਕਾਈਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ |