ਪਟਿਆਲਾ, 24 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪਟਿਆਲਾ ਵਲੋਂ ਘੱਗਰ ਦਰਿਆ ਦੇ ਪਾਣੀ ਕਾਰਨ ਪ੍ਰਭਾਵਿਤ ਇਲਾਕਿਆਂ ਵਿਚੋਂ ਘਨੌਰ ਬਲਾਕ ਦੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ | ਇਸ ਮੌਕੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਬਲਾਕ ਘਨੌਰ ਦੇ ਪ੍ਰਧਾਨ ਕਿ੍ਸ਼ਨ ਚੌਹਾਨਕੇ ਅਤੇ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਨੇ ਪੰਜਾਬ ਅੰਦਰ ਹੜਾਂ ਦੀ ਮਾਰ ਹੋਣ ਕਾਰਨ ਆਪਣੀਆਂ ਸੰਘਰਸ਼ੀ ਗਤੀਵਿਧੀਆਂ ਨੂੰ ਵਿਰਾਮ ਦਿੰਦੇ ਹੋਏ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਸੀ | ਜਿਸ ਤਹਿਤ ਜਥੇਬੰਦੀ ਵਲੋਂ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ | ਇਸ ਅਪੀਲ ਕਰਕੇ ਉਨ੍ਹਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ | ਅਧਿਆਪਕਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਰਾਸ਼ੀ ਵਿਚੋਂ ਅੱਜ ਪਿੰਡ ਚਮਾਰੂ, ਕਾਮੀ ਖੁਰਦ, ਜੰਡ ਮੰਗੋਲੀ, ਸਰਾਲਾਂ ਖੁਰਦ ਅਤੇ ਊਾਟਸਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ |ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਡੀ.ਟੀ.ਐੱਫ. ਪਟਿਆਲਾ ਦੀ ਟੀਮ ਵਲੋਂ ਇਨ੍ਹਾਂ ਇਲਾਕਿਆਂ ਵਿਚ ਰਾਸ਼ਨ ਦੀ ਵੰਡ ਦੇ ਨਾਲ-ਨਾਲ ਪਾਤੜਾਂ ਵੱਲ ਘੱਗਰ ਦੇ ਬੰਨਾਂ ਨੂੰ ਮਜਬੂਤ ਕਰਨ ਲਈ ਡੀਜ਼ਲ ਦੀ ਸੇਵਾ ਵੀ ਕੀਤੀ ਗਈ ਸੀ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਜਿਹੜੇ ਇਲਾਕਿਆਂ ਵਿਚ ਹੜ੍ਹਾਂ ਦੀ ਮਾਰ ਕਾਰਨ ਨੁਕਸਾਨ ਹੋਇਆ ਹੈ ਉਥੋਂ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ ਮੁਆਫ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਕਿਤਾਬਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਿਤਾਬਾਂ ਵੀ ਮੁਹਈਆ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਹੋਰ ਪ੍ਰਭਾਵਿਤ ਨਾ ਹੋਵੇ | ਇਸ ਮੌਕੇ ਅਧਿਆਪਕ ਜਗਤਾਰ ਸਿੰਘ, ਇਕਬਾਲ ਸਿੰਘ, ਮੈਡਮ ਸੂਖਸ਼ਮ, ਰੁਪਿੰਦਰ ਕੌਰ, ਬਲਕਾਰ ਸਿੰਘ, ਦਿਲਜੀਤ ਸਿੰਘ, ਵਿਨੋਦ ਕੁਮਾਰ, ਸੁਨੀਲ ਜੈਨ, ਸੁਖਵੀਰ ਸਿੰਘ, ਸਰਪੰਚ ਅਮਰਜੀਤ ਸਿੰਘ ਚਮਾਰੂ, ਰਣਜੀਤ ਸਿੰਘ ਕਾਮੀ ਖੁਰਦ ਆਦਿ ਹਾਜ਼ਰ ਸਨ¢