ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਅਫ਼ਸਰ ਕਾਲੋਨੀ 'ਚ ਇਕ ਮੋਟਰਸਾਈਕਲ ਸਵਾਰ ਤੋਂ 5 ਲੱਖ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਅਨੁਸਾਰ ਇੱਥੋਂ ਦੇ ਇਕ ਸੁਨਿਆਰੇ ਦਾ ਡਰਾਈਵਰ 5 ਲੱਖ ਰੁਪਏ ਮੋਟਰਸਾਈਕਲ 'ਤੇ ਲੈ ਕੇ ਜਵੈਲਰ ਦੇ ਘਰ ਅਫ਼ਸਰ ਕਾਲੋਨੀ ਵਲ ਜਾ ਰਿਹਾ ਸੀ | ਜਦੋਂ ਉਹ ਘਰ ਨੇੜੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਉਸ ਦੇ ਪੈਸਿਆਂ ਦਾ ਬੈਗ ਹੇਠਾਂ ਡਿਗ ਗਿਆ ਤੇ ਉਹ ਪੈਸਿਆਂ ਦਾ ਬੈਗ ਚੁੱਕ ਕੇ ਫ਼ਰਾਰ ਹੋ ਗਏ | ਇਸ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਿਟੀ-1 ਸਤਨਾਮ ਸਿੰਘ ਸੰਘਾ ਨੇ ਦਸਿਆ ਕਿ ਮੋਟਰਸਾਈਕਲ ਚਾਲਕ ਤੋਂ ਬੈਗ ਕਿਸੇ ਨੇ ਨਹੀਂ ਖੋਹਿਆ ਜਦੋਂ ਉਨ੍ਹਾਂ ਦਾ ਆਪਸ ਵਿਚ ਹਾਦਸਾ ਹੋ ਗਿਆ ਤਾਂ ਦੂਸਰੇ ਮੋਟਰਸਾਈਕਲ ਵਾਲੇ ਉਸ ਦਾ ਬੈਗ ਉੱਥੋਂ ਚੋਰੀ ਕਰ ਕੇ ਫ਼ਰਾਰ ਹੋ ਗਏ | ਉਨ੍ਹਾਂ ਦਸਿਆ ਕਿ ਪੁਲਿਸ ਇਸ ਮਾਮਲੇ ਦੀ ਕਈ ਪੱਖਾਂ ਤੋਂ ਪੜਤਾਲ ਕਰ ਰਹੀ ਹੈ | ਜਿਸ ਤਹਿਤ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਦੇਖੇ ਜਾ ਰਹੇ ਹਨ ਇਸ ਤੋਂ ਇਲਾਵਾ ਸੁਨਿਆਰੇ ਅਤੇ ਉਸ ਦੇ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਡੀ.ਐਸ.ਪੀ. ਸੰਘਾ ਨੇ ਦਸਿਆ ਕਿ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ |