ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਕਾਲਾ ਰੋਡ 'ਤੇ ਸਥਿਤ ਨਿੱਜੀ ਸਕੂਲ ਵਿਚ ਚੱਲ ਰਹੀ ਪ੍ਰੀਖਿਆ ਦੌਰਾਨ ਹਾਊਸ ਡਰੈੱਸ ਨਾ ਪਾ ਕੇ ਆਉਣ 'ਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਹੰਗਾਮਾ ਕੀਤਾ ਗਿਆ ਅਤੇ ਸਕੂਲ ਪ੍ਰਬੰਧਕਾਂ 'ਤੇ ਬੱਚਿਆਂ ਨੂੰ ਧੁੱਪ ਵਿਚ ਖੜ੍ਹਾ ਰੱਖਣ ਦਾ ਦੋਸ਼ ਵੀ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਪਹੁੰਚੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਕਿਹਾ ਕਿ ਸਕੂਲ ਨੂੰ ਪੜ੍ਹਾਈ ਨਾਲੋਂ ਜ਼ਿਆਦਾ ਵਰਦੀ ਦੀ ਫ਼ਿਕਰ ਹੈ | ਇਸ ਮੌਕੇ ਪਹੁੰਚੇ ਮਨਦੀਪ ਕੌਰ, ਅਮਨਦੀਪ ਸਿੰਘ, ਸੰਦੀਪ ਸਿੰਘ ਅਤੇ ਨਵਤੇਜ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਦੇ ਦਿਨਾਂ ਕਾਰਨ ਕੁਝ ਬੱਚੇ ਪ੍ਰੀਖਿਆ ਵਿਚ ਹਾਊਸ ਡਰੈੱਸ ਦੀ ਥਾਂ ਸਕੂਲ ਵਰਦੀ ਪਾ ਕੇ ਆ ਗਏ ਜਿਸ ਕਾਰਨ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਪ੍ਰੀਖਿਆ ਹਾਲ ਵਿਚੋਂ ਬਾਹਰ ਕੱਢ ਦਿੱਤਾ ਅਤੇ ਸਕੂਲੀ ਬੱਚਿਆਂ ਦੇ ਘਰੇ ਫੋਨ ਕਰਕੇ ਵਰਦੀ ਹਾਊਸ ਡਰੈੱਸ ਮੰਗਵਾਉਣ ਨੂੰ ਕਿਹਾ | ਇਸ ਮੌਕੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਪੰਜਾਬ ਸਟੇਟ ਚਾਈਲਡ ਰਾਈਟਸ ਕਮਿਸ਼ਨ ਅਤੇ ਡਕਾਲਾ ਚੌਕੀ ਨੂੰ ਕਰ ਦਿੱਤੀ ਗਈ ਹੈ | ਸ਼ਿਕਾਇਤ ਅਨੁਸਾਰ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਬੱਚਿਆਂ ਨੂੰ ਪ੍ਰੀਖਿਆ ਤੋਂ ਰੋਕਣ ਕਾਰਨ ਹੋਈ ਮਾਨਸਿਕ ਪ੍ਰੇਸ਼ਾਨੀ ਦੇ ਆਧਾਰ ਉਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਪਿ੍ੰਸੀਪਲ ਇੰਦੂ ਸ਼ਰਮਾ ਨੇ ਕਿਹਾ ਕਿ ਕੁੱਝ ਲੋਕਾਂ ਵਲੋਂ ਸਕੂਲ ਦਾ ਮਾਹੌਲ ਖ਼ਰਾਬ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੀਰਵਾਰ ਦੇ ਦਿਨ ਹਰੇਕ ਬੱਚੇ ਨੂੰ ਹਾਊਸ ਡਰੈੱਸ ਪਾਉਣੀ ਜ਼ਰੂਰੀ ਹੁੰਦੀ ਹੈ ਅਤੇ ਉਨ੍ਹਾਂ ਵਲੋਂ ਕਿਸੇ ਬੱਚੇ ਨੂੰ ਪੇਪਰ ਦੇਣ ਤੋਂ ਨਹੀਂ ਰੋਕਿਆ ਗਿਆ |