ਪਟਿਆਲਾ 19 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੇ ਘੱਟ ਝਾੜ ਦੇ ਕਾਰਨਾਂ ਨੂੰ ਕੁਦਰਤੀ ਆਫ਼ਤ 'ਚ ਸ਼ਾਮਿਲ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਇਸ ਦੀ ਭਰਪਾਈ ਕਰਨ | ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹਾਂ ਦੀ ਮਾਰ ਨੂੰ ਅਤੀ ਗੰਭੀਰ ਕੁਦਰਤੀ ਮਾਰ 'ਚ ਪਾ ਕੇ ਕੇਂਦਰ ਸਰਕਾਰ ਵਲੋਂ ਇਕ ਵਧੀਆ ਕਦਮ ਚੁੱਕਿਆ ਗਿਆ ਹੈ ਪਰ ਜਿਸ ਤਰ੍ਹਾਂ ਬੌਨਾ ਵਾਇਰਸ ਹਲਦੀ ਰੋਗ ਆਦਿ ਰੋਗਾਂ ਨੇ ਝੋਨੇ ਦੀ ਫ਼ਸਲ ਦੇ ਝਾੜ ਨੂੰ ਘਟਾਇਆ ਹੈ ਉਸ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਨੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਤੇ ਦੂਜੇ ਪਾਸੇ ਬੈਨਾ ਵਾਇਰਸ ਅਤੇ ਹਲਦੀ ਰੋਕ ਦੇ ਕਾਰਨ ਝੋਨੇ ਦਾ 40 ਤੋਂ 50 ਫ਼ੀਸਦੀ ਝਾੜ ਘੱਟ ਨਿਕਲ ਰਿਹਾ ਹੈ ਜਿਸ ਦੇ ਨਾਲ ਕਿਸਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੀਆਂ ਵੱਖ-ਵੱਖ ਟੀਮਾਂ ਮੰਡੀਆਂ ਵਿਚ ਭੇਜ ਕੇ ਘੱਟ ਝਾੜ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਆਪਣੀ ਰਿਪੋਰਟ ਤਿਆਰ ਕਰਨ ਤੇ ਉਸੀ ਰਿਪੋਰਟ ਦੇ ਆਧਾਰ 'ਤੇ ਕਿਸਾਨਾਂ ਨੂੰ ਬਣਨ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਕੇਂਦਰ ਦੇ ਕੋਲ ਨਾ ਚੁੱਕਿਆ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਬਫਦ ਇਸ ਮਾਮਲੇ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰੇਗਾ | ਉਨ੍ਹਾਂ ਕਿਹਾ ਕਿ ਝੋਨੇ ਦੇ ਘੱਟ ਝਾੜ ਦਾ ਅਸਰ ਹਰ ਕਿਸਾਨ ਹਰ ਮਜ਼ਦੂਰ ਹਰ ਆੜ੍ਹਤੀ ਹਰ ਟਰਾਂਸਪੋਰਟ ਅਤੇ ਹਰ ਸੈਲਰ ਮਾਲਕ ਤੇ ਪੈ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | ਪ੍ਰੋਫੈਸਰ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਐਮਐਸਪੀ ਦੇ ਨਿਯਮਾਂ ਵਿਚ ਢਿੱਲ ਦੇਵੇ ਤਾਂ ਕਿ ਝੋਨੇ ਦੀ ਖ਼ਰੀਦ ਸਹੀ ਢੰਗ ਨਾਲ ਹੋ ਸਕੇ | ਉਨ੍ਹਾਂ ਕਿਹਾ ਕਿ ਇਕ ਤਾਂ ਪਹਿਲਾਂ ਹੀ ਹੜ੍ਹਾਂ ਦੇ ਕਾਰਨ ਫੇਰ ਬਿਮਾਰੀ ਦੇ ਕਾਰਨ ਕਿਸਾਨ ਨੁਕਸਾਨ ਵਿੱਚ ਹੈ ਅਜਿਹੇ ਵਿਚ ਜਿਹੜੀ ਫ਼ਸਲ ਕੱਟ ਕੇ ਮੰਡੀਆਂ ਵਿਚ ਲੈ ਕੇ ਆ ਰਿਹਾ ਹੈ ਉਸ ਵਿਚ ਐਮਐਸਪੀ ਦੇ ਨਿਯਮਾਂ ਦੇ ਕਾਰਨ ਕਈ ਥਾਵਾਂ 'ਤੇ ਝੋਨੇ ਦੀ ਖ਼ਰੀਦ ਵਿਚ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਹੈ ਉਸ ਨੂੰ ਨਿਯਮਾਂ ਵਿਚ ਢਿੱਲ ਦੇ ਕੇ ਆਸਾਨ ਬਣਾਇਆ ਜਾਵੇ | ਪ੍ਰੋਫੈਸਰ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਨੂੰ ਯੂਐਸ ਆਰ ਵਿਚ ਲਿਆਂਦਾ ਜਾਵੇ ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਅਤੀ ਗੰਭੀਰ ਮੁੱਦੇ 'ਤੇ ਚੁੱਪੀ ਧਾਰੀ ਬੈਠੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸ ਮਾਮਲੇ 'ਤੇ ਚੁੱਪ ਨਹੀਂ ਰਹੇਗਾ ਉਹ ਕਿਸਾਨਾਂ ਦੇ ਹਿਤਾਂ 'ਤੇ ਠੋਕ ਕੇ ਪਹਿਰਾ ਦੇਵੇਗਾ |