ਰਾਜਪੁਰਾ 2 ਨਵੰਬਰ (ਰਣਜੀਤ ਸਿੰਘ)-ਇੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਇਸਲਾਮਪੁਰ ਤੋਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਨਗਰ ਕੀਰਤਨ ਦਾ ਥਾਂ-ਥਾਂ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਇਸਲਾਮਪੁਰ ਤੋਂ ਆਰੰਭ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕਾਲੋਨੀ, ਬਚਿੱਤਰ ਨਗਰ, ਸ਼ਹੀਦ ਊਧਮ ਸਿੰਘ ਕਾਲੋਨੀ ਅਤੇ ਹੋਰਨਾਂ ਕਾਲੋਨੀਆਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਚ ਸਮਾਪਤ ਹੋਇਆ | ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ | ਇਸ ਮੌਕੇ ਮੁੱਖ ਸੇਵਾਦਾਰ ਸਤਨਾਮ ਸਿੰਘ, ਸੰਤ ਸਿੰਘ ਇਸਲਾਮਪੁਰ, ਦਰਸ਼ਨ ਸਿੰਘ ਮਾਮਾ, ਗੁਰਮੀਤ ਸਿੰਘ ਤੋਤਾ, ਅਮਰਜੀਤ ਸਿੰਘ, ਸੁਖਦੇਵ ਸਿੰਘ ਲੱਜਾਂ, ਸਾਬਕਾ ਕੌਂਸਲਰ ਪਵਨ ਮੁਖੀਜਾ, ਜਰਨੈਲ ਸਿੰਘ ਬਲਜੀਤ ਸਿੰਘ ਫ਼ਰਿਜਾਂ ਵਾਲਾ, ਰਣਧੀਰ ਸਿੰਘ ਧੀਰਾ ਆਸਟ੍ਰੇਲੀਆ ਤੇ ਹੋਰ ਹਾਜ਼ਰ ਸਨ |