ਨਾਭਾ, 22 ਨਵੰਬਰ (ਕਰਮਜੀਤ ਸਿੰਘ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਤਹਿਤ ਨਾਭਾ ਪੁਲਿਸ ਦੇ ਵਲੋਂ ਕਾਸੋ ਆਪਰੇਸ਼ਨ ਡੀ.ਐਸ.ਪੀ. ਮਨਦੀਪ ਕੌਰ ਦੀ ਅਗਵਾਈ 'ਚ ਅਲੌਹਰਾ ਗੇਟ ਢੇਹਾ ਬਸਤੀ 'ਚ ਭਾਰੀ ਪੁਲਿਸ ਬਲ ਤਾਇਨਾਤ ਦੇ ਹੇਠ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ | ਇਸ ਤਲਾਸ਼ੀ ਮੁਹਿੰਮ ਦੇ ਦੌਰਾਨ ਘਰਾਂ ਦਾ ਕੋਨਾ-ਕੋਨਾ ਫਰੋਲ ਕੇ ਰੱਖ ਦਿੱਤਾ | ਇਸ ਚੈਕਿੰਗ ਦੇ ਦੌਰਾਨ ਕੁਲ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਵੀ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਨਸ਼ਾ ਤਸਕਰੀ 'ਚ ਵਰਤੇ ਜਾਣ ਵਾਲੇ ਕੰਡੇ ਵੀ ਬਰਾਮਦ ਕੀਤੇ ਗਏ | ਇਸ ਮੌਕੇ 'ਤੇ ਨਾਭਾ ਡੀ.ਐਸ.ਪੀ. ਮਨਦੀਪ ਕੌਰ ਨੇ ਕਿਹਾ ਕਿ ਕਾਸੋ ਅਪਰੇਸ਼ਨ ਦੇ ਤਹਿਤ ਅੱਜ ਜ਼ਿਲ੍ਹੇ ਭਰ 'ਚ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਹੈ | ਅਸੀਂ ਅੱਜ ਸ਼ੱਕੀ ਬਸਤੀਆਂ 'ਚ ਸਰਚ ਅਪਰੇਸ਼ਨ ਚਲਾਇਆ ਗਿਆ ਹੈ ਅਤੇ ਘਰਾਂ ਦੀ ਤਲਾਸ਼ੀ ਦੌਰਾਨ ਨਸ਼ਾ ਤਸਕਰੀ ਦੇ ਸਮਾਨ 'ਚ ਵਰਤਣ ਵਾਲਾ ਕੰਡਾ ਅਤੇ ਚਾਰ ਵਿਅਕਤੀਆਂ ਨੂੰ ਰਾਊਾਡਅਪ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਜੋ ਨਸ਼ਾ ਤਸਕਰਾਂ ਦੀ ਚੇਨ ਨੂੰ ਬਹੁਤ ਹੱਦ ਤੱਕ ਤੋੜ ਚੁੱਕੇ ਹਾਂ ਜੋ ਇਕਾ-ਦੁੱਕਾ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਬੰਦੇ ਦੇ ਪੁੱਤ ਬਣ ਕੇ ਤੁਸੀਂ ਇਹ ਧੰਦਾ ਛੱਡ ਦੇਵੋ ਨਹੀਂ ਤਾਂ ਤੁਸੀਂ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛੇ ਜਾਣ ਲਈ ਤਿਆਰ ਹੋ ਜਾਵੋ | ਇਸ ਮੌਕੇ 'ਤੇ ਐਸ.ਐਚ.ਓ. ਸਰਬਜੀਤ ਸਿੰਘ ਚੀਮਾ, ਐਸ.ਐਚ.ਓ. ਜਸਵਿੰਦਰ ਸਿੰਘ ਖੋਖਰ, ਰੋਹਟੀ ਪੁਲ ਚੌਕੀ ਇੰਚਾਰਜ ਜਸਵਿੰਦਰ ਸਿੰਘ, ਛੀਟਾਂਵਾਲਾ ਚੌਂਕੀ ਇੰਚਾਰਜ ਗੁਰਮੀਤ ਸਿੰਘ, ਰੀਡਰ ਡੀ.ਐਸ.ਪੀ. ਸੁਖਜੀਵਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜੂਦ ਸਨ |