ਦੇਵੀਗੜ੍ਹ, 22 ਨਵੰਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਸਪੋਰਟਸ ਈਵੈਂਟ 'ਚ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਲਈ ਕਈ ਤਗਮੇ ਜਿੱਤ ਕੇ ਮਾਣ ਵਧਾਇਆ ਹੈ | ਇਹ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਗਵਾਨਪੁਰ ਜੱਟਾਂ ਵਿਖੇ ਨਹਿਰੂ ਯੁਵਾ ਕੇਂਦਰ ਦੇ ਅਧੀਨ ਕਰਵਾਏ ਗਏ, ਜਿਨ੍ਹਾਂ 'ਚ ਹਰਸਿਮਰਤ ਕੌਰ ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਹਾਸਿਲ ਕੀਤਾ | ਸ਼ਹਿਨਾਜ਼ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲੰਬੀ ਛਾਲ 'ਚ ਹਰਸਿਮਰਤ ਕੌਰ ਨੇ ਇਕ ਵਾਰ ਫਿਰ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗ਼ਾ ਜਿੱਤਿਆ, ਜਦੋਂ ਕਿ ਸ਼ਹਿਨਾਜ਼ ਨੇ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਮਗ਼ਾ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਵਿਚ ਪਾਇਆ | ਮੁੰਡਿਆਂ ਦੀ ਲੰਬੀ ਛਾਲ ਪ੍ਰਤੀਯੋਗਤਾ ਵਿਚ ਕਰਨ ਗਿਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ | ਗੁਰਕੀਰਤ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ | 100 ਮੀਟਰ ਦੌੜ 'ਚ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਖਿਡਾਰੀਆਂ ਅਤੇ ਕੋਚਾਂ ਦੀ ਤਾਰੀਫ਼ ਕਰਦਿਆਂ ਕਿਹਾ, ਮੈਨੂੰ ਆਪਣੇ ਵਿਦਿਆਰਥੀਆਂ ਦੀ ਸਫਲਤਾ 'ਤੇ ਬਹੁਤ ਮਾਣ ਹੈ | ਇਸ ਮੌਕੇ ਪ੍ਰਧਾਨ ਰਵਿੰਦਰ ਕੌਰ, ਪਿ੍ੰਸੀਪਲ ਮਮਤਾ ਮੱਕੜ, ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ, ਕੋਚ ਹਰਦੀਪ ਕੁਮਾਰ ਤੇ ਕੋਚ ਹਿਮਾਂਸ਼ੂ ਨੇ ਵੀ ਤਗਮੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ |