ਪਟਿਆਲਾ, 7 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਸਾਰਥਿਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 11ਵੇਂ ਨੋਰਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਪੰਜਵੇਂ ਦਿਨ ਵੀਨਾ ਵਰਮਾ ਦੀ ਕਹਾਣੀ 'ਤੇ ਆਧਾਰਿਤ ਨਾਟਕ 'ਹੁਣ ਮੈਂ ਸੈੱਟ ਹਾਂ' ਇੰਪੈਕਟ ਆਰਟ ਮੁਹਾਲੀ ਵਲੋਂ ਬਨਿੰਦਰ ਸਿੰਘ ਬਨੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ | ਇਹ ਨਾਟਕ ਪੰਜਾਬ ਦੇ ਨੌਜਵਾਨਾਂ ਦੇ ਜੀਵਨ ਨੂੰ ਦਰਸਾਉਂਦਾ ਹੈ ਜੋ ਚੰਗੇ ਭਵਿੱਖ ਦੀ ਭਾਲ ਵਿਚ ਦੇਸ ਤੋਂ ਬਾਹਰ ਜਾਂਦੇ ਹਨ | ਇਹ ਨਾਟਕ ਵਿਦੇਸ਼ਾਂ ਵਿਚ ਆਪਣੀ ਰੋਜੀ-ਰੋਟੀ ਲਈ ਸੰਘਰਸ਼ ਕਰ ਰਹੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਹਾਲਾਤਾਂ ਬਾਰੇ ਗੱਲ ਕਰਦਾ ਹੈ, ਨਾਲ ਹੀ ਇਹ ਨਾਟਕ ਉਨ੍ਹਾਂ ਮਾਪਿਆਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸਮਾਜ ਵਿਚ ਆਪਣੀ ਇੱਜ਼ਤ ਅਤੇ ਸਤਿਕਾਰ ਲਈ ਕਿਸੇ ਵੀ ਕੀਮਤ 'ਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਵਸਾਉਣਾ ਚਾਹੁੰਦੇ ਹਨ | ਨਾਟਕ ਵਿਚ ਵੱਖ-ਵੱਖ ਮਜਾਹੀਆ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰ ਸ਼ਿਵਮ ਸ਼ਰਮਾ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ | ਦੂਜੇ ਕਲਾਕਾਰਾਂ ਵਿਚ ਪੁਸ਼ਪਿੰਦਰ ਬੱਗਾ, ਅਮਿ੍ਤਪਾਲ ਸਿੰਘ, ਰਜਿਤ ਸਚਦੇਵਾ, ਸੁਮਿਤ, ਨੇਹਾ ਧੀਮਾਨ, ਪਰਨੀਤ ਕੌਰ ਨੇ ਵੀ ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਇਆਂ | ਇਸ ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ | ਅਵਤਾਰ ਸਿੰਘ ਅਰੋੜਾ ਵਿਸ਼ਸ਼ ਮਹਿਮਾਨ ਦੇ ਰੂਪ 'ਚ ਹਾਜ਼ਰ ਹੋਏ | ਇਨ੍ਹਾਂ ਤੋਂ ਇਲਾਵਾ ਜਤਿੰਦਰ ਸਿੰਘ ਨਰੂਲਾ, ਡਾ. ਕੁਲਦੀਪ ਕੌਰ, ਪ੍ਰੀਤ ਮਹਿੰਦਰ ਸੇਖੋਂ, ਲਕਸ਼ਮੀ ਨਰਾਇਣ ਭੀਖੀ ਨੇ ਵਿਸ਼ਸ਼ ਸ਼ਿਰਕਤ ਕੀਤੀ | ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਸਵੇਰ ਦੇ ਰੂਬਰੂ ਵਾਲ਼ੇ ਸੈਸ਼ਨ ਦੌਰਾਨ ਫ਼ਿਲਮ ਅਤੇ ਰੰਗਮੰਚ ਦੀ ਅਦਾਕਾਰਾ ਧਰਮਿੰਦਰ ਕੌਰ ਅਤੇ ਨੈਸ਼ਨਲ ਫ਼ਿਲਮ ਅਵਾਰਡ ਜੇਤੂ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਆਪਣੇ ਸਫ਼ਰ ਅਤੇ ਸੰਘਰਸ਼ ਦੇ ਤਜਰਬੇ ਸਾਂਝੇ ਕੀਤੇ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ |