ਸਮਾਣਾ, 7 ਦਸੰਬਰ (ਸਾਹਿਬ ਸਿੰਘ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਬੇਗਮਪੁਰਾ ਫ਼ਰੰਟ ਦੇ ਪ੍ਰਧਾਨ ਗੁਰਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਅੱਜ ਸਮਾਜ ਬੇਲਗ਼ਾਮ ਅਤੇ ਗੁਲਾਮੀ ਦੀ ਦਿਸ਼ਾ ਵਲ ਵਧ ਰਿਹਾ ਹੈ | ਇਸ ਤੋਂ ਬਚਣ ਲਈ ਲੋਕਾਂ ਨੂੰ ਬਾਬਾ ਸਾਹਿਬ ਦੇ ਸਮਾਜ ਪ੍ਰਤੀ ਯੋਗਦਾਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਮਲੀ ਰੂਪ ਵਿਚ ਅਪਣਾਉਣ ਦੀ ਲੋੜ ਹੈ | ਬਦਕਿਸਮਤੀ ਇਹ ਹੈ ਕਿ ਮੌਜੂਦਾ ਸਰਕਾਰਾਂ ਤੇ ਰਾਜਨੀਤਕ ਲੋਕਾਂ ਵਲੋਂ ਬਾਬਾ ਸਾਹਿਬ ਨੂੰ ਵੋਟ ਬੈਂਕ ਤੱਕ ਹੀ ਸੀਮਤ ਕਰ ਲਿਆ ਗਿਆ ਹੈ | ਉਨ੍ਹਾਂ ਆਖਿਆ ਕਿ ਬਾਬਾ ਸਾਹਿਬ ਦੀਆਂ ਫ਼ੋਟੋਆਂ ਲਾਉਣ ਦੀ ਬਜਾਏ ਉਨ੍ਹਾਂ ਦੇ ਵਿਚਾਰਾਂ ਨੂੰ ਪੜ੍ਹਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਸਮਾਜ ਅਤੇ ਦੇਸ਼ ਨੂੰ ਭਾਈਚਾਰਕ ਸਾਂਝ ਬਣਾ ਕੇ ਅੱਗੇ ਵਧਾ ਸਕੀਏ | ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਪ੍ਰੀਨਿਰਵਾਣ ਦਿਵਸ 'ਤੇ ਸਾਨੂੰ ਸੰਕਲਪ ਲੈਣ ਦੀ ਲੋੜ ਹੈ ਤਾਂ ਕਿ ਅਸੀਂ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋ ਕੇ ਸੰਵਿਧਾਨ ਵਿਰੋਧੀ ਸ਼ਕਤੀਆਂ ਦਾ ਡਟ ਕੇ ਮੁਕਾਬਲਾ ਕਰੀਏ |