ਪਟਿਆਲਾ, 17 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਗੁਲਦਾਊਦੀ ਨੁਮਾਇਸ਼ ਲਗਾਈ ਗਈ | ਇਸ 15ਵੀਂ ਗੁਲਦਾਊਦੀ ਨੁਮਾਇਸ਼ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਅਤੇ ਹੋਰ ਅਧਿਕਾਰੀ ਮੌਜੂਦ ਰਹੇ | ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਹਰੇਕ ਸਾਲ ਇਨ੍ਹੀ ਦਿਨੀਂ ਗੁਲਦਾਊਦੀ ਦੇ ਰੰਗ-ਬਰੰਗੇ ਫੁੱਲਾਂ ਨਾਲ ਹੋਰ ਖਿੜ ਉੱਠਦਾ ਹੈ | ਯੂਨੀਵਰਸਿਟੀ ਦੇ ਬਾਗ਼ਬਾਨੀ ਵਿਭਾਗ ਦੀ ਦੇਖ-ਰੇਖ ਵਿਚ ਉਗਾਈਆਂ ਗੁਲਦਾਊਦੀ ਦੀਆਂ ਵੱਖ-ਵੱਖ ਵੰਨਗੀਆਂ ਇਸ ਪ੍ਰਦਰਸ਼ਨੀ ਦਾ ਸ਼ਿੰਗਾਰ ਬਣਦੀਆਂ ਹਨ | ਯੂਨੀਵਰਸਿਟੀ ਦੇ ਉਸਾਰੀ ਵਿਭਾਗ ਦੀ ਬਾਗ਼ਬਾਨੀ ਸਬ-ਡਿਵੀਜ਼ਨ ਵਲੋਂ ਗੁਲਦਾਊਦੀ ਦੀਆਂ ਇਨ੍ਹਾਂ ਵੰਨਗੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਮਕਸਦ ਨਾਲ਼ ਇਹ ਗੁਲਦਾਊਦੀ ਨੁਮਾਇਸ਼ ਲਗਾਈ ਜਾਂਦੀ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਨੁਮਾਇਸ਼ ਵਿਚ ਸ਼ਾਮਿਲ ਵੱਖ-ਵੱਖ ਕਿਸਮਾਂ ਦੀ ਗੁਲਦਾਊਦੀ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ ਖ਼ੂਬਸੂਰਤ ਅਤੇ ਰਮਣੀਕ ਬਣਾਉਣ ਵਿਚ ਇਨ੍ਹਾਂ ਫੁੱਲਾਂ ਅਤੇ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ | ਇਸ ਲਈ ਇਨ੍ਹਾਂ ਦੇ ਇਸ ਤਰ੍ਹਾਂ ਖਿੜਨ ਨੂੰ ਨੁਮਾਇਸ਼ ਦੇ ਰੂਪ ਵਿਚ ਇਕ ਜਸ਼ਨ ਵਜੋਂ ਮਨਾਉਣਾ ਚਾਹੀਦਾ ਹੈ | ਇਸ ਨਾਲ਼ ਜਿੱਥੇ ਵਿਦਿਆਰਥੀ, ਕਰਮਚਾਰੀ ਅਤੇ ਹੋਰ ਸਭ ਲੋਕ ਇਨ੍ਹਾਂ ਵੱਖ-ਵੱਖ ਵੰਨਗੀਆਂ ਦੇ ਫੁੱਲਾਂ ਦੀ ਖ਼ੂਬਸੂਰਤੀ ਨੂੰ ਇਕੱਠਿਆਂ ਮਾਣ ਸਕਦੇ ਹਨ ਉੱਥੇ ਹੀ ਅਜਿਹੀ ਨੁਮਾਇਸ਼ ਬਹੁਤ ਸਾਰੇ ਲੋਕਾਂ ਲਈ ਹੋਰ ਫੁੱਲ ਅਤੇ ਪੌਦੇ ਉਗਾਉਣ ਪੱਖੋਂ ਪੇ੍ਰਰਨਾ ਵੀ ਬਣਦੀ ਹੈ | ਉਪ ਮੰਡਲ ਇੰਜੀਨੀਅਰ (ਬਾਗ਼ਬਾਨੀ) ਰਜਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਨੁਮਾਇਸ਼ ਵਿੱਚ ਗੁਲਦਾਊਦੀ ਦੀਆਂ ਲਗਪਗ 80 ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਕਿ 1200 ਦੇ ਕਰੀਬ ਗਮਲਿਆਂ ਵਿਚ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਰੱਖੀਆਂ ਗਈਆਂ ਹਨ | ਕਾਰਜਕਾਰੀ ਇੰਜਨੀਅਰ ਨਰੇਸ਼ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਨੂੰ ਯੂਨੀਵਰਸਿਟੀ ਵਿਦਿਆਰਥੀਆਂ, ਮੁਲਾਜ਼ਮਾਂ ਤੇ ਅਧਿਆਪਨ ਫ਼ੈਕਲਟੀ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ |