ਸਮਾਣਾ, 20 ਦਸੰਬਰ (ਸਾਹਿਬ ਸਿੰਘ)-ਕੁਝ ਸਮਾਂ ਪਹਿਲਾਂ ਸਮਾਣਾ-ਪਟਿਆਲਾ ਸੜਕ 'ਤੇ ਵਾਪਰੇ ਸਕੂਲੀ ਗੱਡੀ ਤੇ ਟਿੱਪਰ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿਚ ਜਾਨ ਗਵਾ ਚੁੱਕੇ ਬੱਚਿਆਂ ਦੇ ਮਾਪਿਆਂ ਅਤੇ ਸਮਾਜ ਸੇਵਕਾਂ ਵਲੋਂ ਉਪ-ਮੰਡਲ ਅਫ਼ਸਰ ਸਮਾਣਾ ਰਿਚਾ ਗੋਇਲ ਨੂੰ ਦੋ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਪਾਤੜਾਂ-ਪਟਿਆਲਾ ਮਾਰਗ ਨੂੰ ਬਿਨਾਂ ਦੇਰੀ ਤੋਂ ਚਹੁੰਮਾਰਗੀ ਕੀਤਾ ਜਾਵੇ ਤੇ ਬੱਚਿਆਂ ਦੀ ਯਾਦ ਵਿਚ ਢੁਕਵੀਂ ਯਾਦਗਾਰ ਬਣਾਈ ਜਾਵੇ | ਮੰਗ ਪੱਤਰ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਮਾਣਾ ਦੌਰੇ ਦੌਰਾਨ ਬੱਚਿਆਂ ਦੇ ਮਾਪਿਆਂ ਨਾਲ ਇਹ ਵਾਅਦੇ ਕੀਤੇ ਗਏ ਸਨ ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ | ਦੂਜੇ ਮੰਗ ਪੱਤਰ ਵਿਚ ਉਸ ਸਮੇਂ ਸੰਘਰਸ਼ ਕਰ ਰਹੇ ਸਮਾਣਾ ਦੇ ਸੱਤ ਨਾਗਰਿਕਾਂ ਉੱਪਰ ਦਰਜ ਕੀਤੇ ਗਏ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ | ਮਾਪਿਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਵਲੋਂ ਇਹ ਪਰਚਾ ਰੱਦ ਕਰਨ ਦੀ ਗੱਲ ਕਹੀ ਗਈ ਸੀ, ਪਰ ਲੰਮਾ ਸਮਾਂ ਲੰਘਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਪ-ਮੰਡਲ ਅਫ਼ਸਰ-ਕਮ-ਉਪ-ਮੰਡਲ ਮੈਜਿਸਟ੍ਰੇਟ ਰਿਚਾ ਗੋਇਲ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਜਾਣਗੀਆਂ ਅਤੇ ਜਲਦੀ ਕਾਰਵਾਈ ਹੋਵੇਗੀ | ਇਸ ਮੌਕੇ ਅਮਰਜੀਤ ਸਿੰਘ ਪੰਜਰਥ ਤੇ ਪ੍ਰਵੀਨ ਸ਼ਰਮਾ ਵੀ ਹਾਜ਼ਰ ਸਨ |