ਪਟਿਆਲਾ, 21 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਨਾਲ ਆਮ ਜਨਜੀਵਨ ਪ੍ਰਭਾਵਿਤ ਪ੍ਰਭਾਵਿਤ ਹੋ ਰਿਹਾ ਹੈ | ਪਿਛਲੇ ਲਗਪਗ ਪੰਜ ਦਿਨਾਂ ਤੋਂ ਸੂਬੇ ਸਮੇਤ ਉਤਰੀ ਭਾਰਤ ਕੋਹਰੇ ਅਤੇ ਸ਼ੀਤ ਲਹਿਰ ਦੀ ਚਪੇਟ ਵਿਚ ਹੈ | ਪਹਾੜੀ ਰਾਜਾਂ ਵਿਚ ਮੀਂਹ ਪੈਣ ਦੇ ਨਾਲ ਜਿਥੇ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਸ਼ਿਮਲੇ ਨਾਲੋਂ ਵੀ ਵੱਧ ਠੰਢ ਪੈ ਰਹੀ ਹੈ ਉੱਥੇ ਹੀ ਦੇਰ ਸ਼ਾਮ ਠੰਢੀਆਂ ਹਵਾਵਾਂ ਚੱਲਣ ਦੇ ਨਾਲ ਨਾਲ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਦੱਸੀ ਗਈ ਹੈ | ਜਿਸ ਦੇ ਬਾਬਤ 24 ਤੋਂ 27 ਦਸੰਬਰ ਤੱਕ ਸੰਘਣੀ ਧੁੰਦ ਸਮੇਤ ਕੜਾਕੇ ਦੀ ਠੰਢ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਹਲਕੀ ਬਾਰਸ਼ ਪੈਣ ਦੇ ਆਸਾਰ ਹਨ | ਜੋ ਕਿ ਫਸਲਾਂ ਲਈ ਲਾਹੇਵੰਦ ਸਿੱਧ ਹੋਵੇਗਾ | ਇਸ ਪੈ ਰਹੀ ਠੰਢ ਕਾਰਨ ਸੂਬੇ ਦੇ ਜ਼ਿਲਿ੍ਹਆਂ ਦੇ ਤਾਪਮਾਨ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਜਿਸ ਵਿਚ ਬੀਤੀ ਕੱਲ੍ਹ ਫ਼ਰੀਦਕੋਟ 4.9 ਡਿਗਰੀ ਨਾਲ ਸਭ ਤੋਂ ਠੰਢਾ ਸਥਾਨ ਰਿਹਾ | ਜਦੋਂ ਕਿ ਹੋਰਨਾਂ ਕੁਝ ਜ਼ਿਲਿ੍ਹਆਂ ਵਿਚ ਤਾਪਮਾਨ 8 ਡਿਗਰੀ ਤੋਂ ਘੱਟ ਦੇਖਣ ਨੂੰ ਮਿਲਿਆ | ਪੈ ਰਹੀ ਧੁੰਦ ਕਾਰਨ ਜਿਥੇ ਅੰਮਿ੍ਤਸਰ ਵਿਖੇ ਕੁਝ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਉੱਥੇ ਹੀ ਸੂਬੇ ਵਿਚ ਕੁਝ ਰੇਲਾਂ ਇਸ ਧੁੰਦ ਕਾਰਨ ਦੇਰੀ ਨਾਲ ਪਹੁੰਚੀਆਂ | ਲੰਘੇ ਦੋ ਦਿਨਾਂ ਤੋਂ ਸੂਰਜ ਦੇ ਨਾ ਨਿਕਲਣ ਕਾਰਨ ਜਿਥੇ ਠੰਢ ਨੇ ਲੋਕਾਂ ਨੂੰ ਘਰੇ ਬੈਠਣ ਲਈ ਮਜਬੂਰ ਕੀਤਾ ਹੈ ਉੱਥੇ ਹੀ ਰਾਤ ਸਮੇਂ ਪੈਂਦੇ ਕੋਹਰੇ ਕਾਰਨ ਦਿਨੋਂ ਦਿਨ ਤਾਪਮਾਨ ਘਟਦਾ ਜਾ ਰਿਹਾ ਹੈ | ਇਸ ਸਮੇਂ ਸੂਬੇ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 9198 ਮੈਗਾਵਾਟ ਜੋ ਕਿ 2023 ਦੀ ਬਿਜਲੀ ਦੀ ਮੰਗ ਨਾਲ ਨਾਲੋਂ ਲਗਪਗ 1400 ਮੈਗਾਵਾਟ ਜ਼ਿਆਦਾ ਹੈ | ਜੇਕਰ ਸਰਕਾਰੀ ਥਰਮਲ ਦੀ ਗੱਲ ਕੀਤੀ ਜਾਵੇ ਤਾਂ ਰੋਪੜ ਥਰਮਲ ਪਲਾਂਟ ਦੇ 4 ਯੂਨਿਟਾਂ ਵਿਚੋਂ 1, ਲਹਿਰਾ ਮੁਹੱਬਤ ਦੇ 4 ਯੂਨਿਟਾਂ ਵਿਚੋਂ 3, ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 2 ਯੂਨਿਟਾਂ ਵਿਚੋਂ 1 ਚਾਲੂ ਯੂਨਿਟ ਤੋਂ 981 ਮੈਗਾਵਾਟ ਅਤੇ ਨਿੱਜੀ ਥਰਮਲ ਪਲਾਂਟਾਂ ਵਿਚ ਰਾਜਪੁਰਾ ਥਰਮਲ ਪਲਾਂਟ ਦੇ 2 ਅਤੇ ਤਲਵੰਡੀ ਸਾਬੋ ਦੇ 3 ਵਿਚੋਂ 2 ਚਾਲੂ ਯੂਨਿਟਾਂ ਵਿਚੋਂ 2429 ਮੈਗਾਵਾਟ ਬਿਜਲੀ ਮਿਲ ਰਹੀ ਹੈ | ਬਿਜਲੀ ਨਿਗਮ ਨੂੰ ਕੁੱਲ ਸਰੋਤਾਂ ਤੋਂ ਲਗਪਗ 4410 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ |