ਡਿਊਟੀ 'ਤੇ ਤਾਇਨਾਤ ਸਬ-ਇੰਸਪੈਕਟਰ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼
ਅਜੀਤ ਡੈਸਕ
22-12-2025
ਸਮਾਣਾ, 21 ਦਸੰਬਰ (ਸਾਹਿਬ ਸਿੰਘ)- ਟਰੈਕਟਰ ਦੇ ਡਰਾਈਵਰ ਵਲੋਂ ਪੁਲਿਸ ਨਾਕਾਬੰਦੀ ਦੌਰਾਨ ਟਰੈਕਟਰ ਨੂੰ ਰੋਕਣ ਦੀ ਬਜਾਏ ਡਿਊਟੀ 'ਤੇ ਤਾਇਨਾਤ ਸਬ-ਇੰਸਪੈਕਟਰ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਅਤੇ ਟਰੈਕਟਰ ਭਜਾ ਕੇ ਫ਼ਰਾਰ ਹੋਣ ਦੇ ਇਕ ਮਾਮਲੇ 'ਚ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਸਿਮਰਨਜੀਤ ਸਿੰਘ ਵਾਸੀ ਪਿੰਡ ਲਾਲਗੜ੍ਹ ਥਾਣਾ ਸਦਰ ਸਮਾਣਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕਥਿਤ ਦੋਸ਼ੀ ਪਿੰਡ ਲਾਲਗੜ੍ਹ ਵਿਖੇ ਟਰੈਕਟਰ ਛੱਡ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਕੁਲਦੀਪ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅਗਰਸੈਨ ਚੌਕ ਮੌਜੂਦ ਸਨ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ | ਇਸ ਦੌਰਾਨ ਸਮਾਣਾ ਵਲੋਂ ਇਕ ਟਰੈਕਟਰ ਆਇਆ ਜਿਸ ਨੂੰ ਨਾਕਾਬੰਦੀ 'ਤੇ ਮੌਜੂਦ ਹਵਾਲਦਾਰ ਜਗਦੀਸ਼ ਕੁਮਾਰ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਟਰੈਕਟਰ ਨਹੀਂ ਰੋਕਿਆ | ਜਦੋਂ ਨਾਕਾਬੰਦੀ 'ਤੇ ਮੌਜੂਦ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਵੀ ਟਰੈਕਟਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਥਿਤ ਮੁਲਜ਼ਮ ਨੇ ਉਸ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ | ਸਬ-ਇੰਸਪੈਕਟਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ | ਕਥਿਤ ਦੋਸ਼ੀ ਮੌਕੇ ਤੋਂ ਟਰੈਕਟਰ ਲੈ ਕੇ ਭੱਜ ਗਿਆ | ਇਸ ਉਪਰੰਤ ਪੁਲਿਸ ਨੇ ਪਿੱਛਾ ਕਰਕੇ ਟਰੈਕਟਰ ਨੂੰ ਪਿੰਡ ਲਾਲਗੜ੍ਹ ਤੋਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਕਥਿਤ ਦੋਸ਼ੀ ਫ਼ਰਾਰ ਹੈ |