ਪਟਿਆਲਾ, 24 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸੜਕਾਂ ਉਪਰ ਟੱਕਰ ਮਾਰ ਕੇ ਭੱਜ ਜਾਣ ਦੇ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਤੇਜੀ ਨਾਲ ਮੁਆਵਜਾ ਦਿਵਾਉਣ ਲਈ ਟਰਾਂਸਪੋਰਟ ਵਿਭਾਗ ਪੰਜਾਬ ਦੀ ਲੀਡ ਏਜੰਸੀ ਆਨ ਰੋਡ ਸੇਫਟੀ, ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ ਵਲੋਂ ਚਾਰ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਪਟਿਆਲਾ ਵਿਖੇ ਸਿਖਲਾਈ ਦਿੱਤੀ ਗਈ | ਸਾਬਕਾ ਪੀ. ਸੀ. ਐੱਸ. ਅਧਿਕਾਰੀ ਪਰਮਜੀਤ ਸਿੰਘ ਨੇ ਪਟਿਆਲਾ ਸਮੇਤ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਤੇ ਏ.ਡੀ.ਸੀਜ ਜਨਰਲ, ਆਰ.ਟੀ.ਓਜ ਤੇ ਐੱਸ.ਡੀ.ਐਮਜ, ਸਿਵਲ ਸਰਜਨ, ਜ਼ਿਲ੍ਹਾ ਅਟਾਰਨੀ ਪ੍ਰਾਸੀਕਿਉਸ਼ਨ ਤੇ ਸੂਚੀਬੱਧ ਐੱਨ.ਜੀ.ਓਜ ਦੇ ਨੁਮਾਇੰਦਿਆਂ ਸਮੇਤ ਹੋਰ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ | ਇਸ ਦੌਰਾਨ ਪਟਿਆਲਾ ਦੇ ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਆਰ.ਟੀ.ਓਜ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮੂਹ ਐੱਸ.ਡੀ.ਅੱੈਮਜ ਨਮਨ ਮਾਰਕੰਨ, ਰਿਚਾ ਗੋਇਲ, ਹਰਜੋਤ ਕੌਰ, ਅਸ਼ੋਕ ਕੁਮਾਰ ਤੇ ਸੁਖਪਾਲ ਸਿੰਘ ਸਮੇਤ ਬਾਕੀ ਜ਼ਿਲਿ੍ਹਆਂ ਦੇ ਐੱਸ.ਡੀ.ਐਮਜ ਅਤੇ ਡੀ.ਐੱਸ.ਪੀ ਟ੍ਰੈਫਿਕ ਪੁਨੀਤ ਸਿੰਘ ਚਹਿਲ ਆਦਿ ਤੇ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਇਨ੍ਹਾਂ ਜ਼ਿਲਿ੍ਹਆਂ ਅੰਦਰ ਹਿੱਟ ਐਂਡ ਰੰਨ ਕੇਸਾਂ ਦੇ ਮੁਆਵਜੇ ਦੇਣ ਦੇ ਸਾਲ 2022, 23 ਤੇ 2024 ਦੇ ਲੰਬਿਤ ਕੇਸਾਂ ਨੂੰ ਛੇਤੀ ਨਿਪਟਾਉਣ ਲਈ ਵੀ ਹਦਾਇਤ ਕੀਤੀ ਗਈ | ਇਸ ਸਿਖਲਾਈ ਦੌਰਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਇਸ ਬਾਬਤ ਸਖ਼ਤ ਨਿਰਦੇਸ਼ ਹਨ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਤੁਰੰਤ ਕਰਕੇ ਹਿੱਟ ਐਂਡ ਰੰਨ ਹਾਦਸਿਆਂ ਦੇ ਪੀੜਤਾਂ ਨੂੰ ਜਿੱਥੇ ਨਿਆਂ ਦਿਵਾਇਆ ਜਾਵੇ, ਉੱਥੇ ਹੀ ਉਨ੍ਹਾਂ ਨੂੰ ਬਣਦਾ ਮੁਆਵਜਾ ਦਿਵਾਉਣ 'ਚ ਵੀ ਦੇਰੀ ਨਾ ਕੀਤੀ ਜਾਵੇ |