ਸਮਾਣਾ, 26 ਦਸੰਬਰ (ਸਾਹਿਬ ਸਿੰਘ)-ਵੀਰਵਾਰ ਦੀ ਰਾਤ ਨੂੰ ਚੋਰਾਂ ਨੇ ਵੜੈਚਾਂ ਤੇ ਪਿੰਡ ਖੁਦਾਦਪੁਰਾ ਦੀਆਂ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਵਿਚ ਪਿਆ ਸਮਾਨ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੌਕਾ ਵੇਖਣ ਉਪਰੰਤ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਚੋਰਾਂ ਦਾ ਖੁਰਾ-ਖੋਜ ਲੱਭਣ ਦਾ ਯਤਨ ਕਰ ਰਹੀ ਹੈ | ਇਕੋ ਰਾਤ ਵਾਪਰੀਆਂ ਘਟਨਾਵਾਂ ਨੂੰ ਲੋਕ ਨਵੇਂ ਆਏ ਥਾਣਾ ਮੁਖੀ ਨੂੰ ਵੰਗਾਰ ਮੰਨ ਰਹੇ ਹਨ | ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕਾਂ ਕਰਨ ਰਾਏ, ਸੁਖਜੀਤ ਸਿੰਘ, ਪੱਪੀ ਤੇ ਸੰਦੀਪ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਵੀਰਵਾਰ ਰਾਤ ਨੂੰ ਬੰਦ ਕਰਕੇ ਘਰ ਗਏ ਸਨ | ਉਨ੍ਹਾਂ ਨੂੰ ਗੁਆਂਢੀਆਂ ਨੇ ਫ਼ੋਨ ਕਰਕੇ ਦੁਕਾਨਾਂ ਦੇ ਸ਼ਟਰਾਂ ਦੇ ਜਿੰਦਰੇ ਟੁੱਟੇ ਹੋਣ ਦੀ ਸੂਚਨਾ ਦਿੱਤੀ | ਦੁਕਾਨ ਤੇ ਪਹੁੰਚਣ ਤੇ ਦੁਕਾਨ ਮਾਲਕ ਕਰਨ ਰਾਏ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚੋਂ ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਆਦਿ ਦੇ ਤਾਂਬੇ ਦੇ ਪਾਈਪ ਤੇ ਹੋਰ ਕੀਮਤੀ ਸਮਾਨ ਚੋਰੀ ਹੋਇਆ ਹੈ | ਜਿਸ ਦੀ ਕੀਮਤ 60 ਹਜ਼ਾਰ ਰੁਪਏ ਦੱਸੀ ਗਈ ਹੈ | ਇਸੇ ਤਰ੍ਹਾਂ ਸੁਖਜੀਤ ਸਿੰਘ ਨੇ ਬਿਜਲੀ ਦੀਆਂ ਤਾਰਾਂ ਦੇ 50 ਰੋਲ ਤੇ 5700 ਰੁਪਏ ਚੋਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ | ਪੱਪੀ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚੋਂ ਡੀਵੀਆਰ ਅਤੇ 7 ਹਜ਼ਾਰ ਰੁਪਏ ਨਕਦੀ ਚੋਰੀ ਹੋਈ ਹੈ | ਸੰਦੀਪ ਕੁਮਾਰ ਨੇ ਦੱਸਿਆ ਕਿ ਚੋਰਾਂ ਵਲੋਂ ਉਸ ਦੀ ਦੁਕਾਨ ਵਿਚੋਂ ਨਕਦੀ ਸਣੇ 15 ਹਜ਼ਾਰ ਰੁਪਏ ਚੋਰੀ ਹੋਈ ਹੈ | ਉਕਤ ਦੁਕਾਨਾਂ ਵਿਚ ਹੋਈਆਂ ਚੋਰੀਆਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਦੀ ਮੰਗ ਹੈ ਕਿ ਰਾਤ ਸਮੇਂ ਪਿੰਡਾਂ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ | ਇਸ ਸਬੰਧੀ ਜਦੋਂ ਥਾਣਾ ਮੁਖੀ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਦੀ ਗਸ਼ਤ ਵਧਾ ਦਿੱਤੀ ਹੈ | ਚੋਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨਾਲ ਪੁਲਿਸ ਸਖ਼ਤੀ ਨਾਲ ਪੇਸ਼ ਆਏਗੀ |