ਗਿੱਦੜਬਾਹਾ, 2 ਜੂਨ (ਪਰਮਜੀਤ ਸਿੰਘ ਥੇੜ੍ਹੀ)-ਅਗਰਵਾਲ ਸਭਾ ਗਿੱਦੜਬਾਹਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਵਨੀਤ ਜਿੰਦਲ ਮੌਂਟੀ ਦੀ ਪ੍ਰਧਾਨਗੀ ਹੇਠ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਹੋਈ | ਮੀਟਿੰਗ ਦੌਰਾਨ ਪ੍ਰਧਾਨ ਵਨੀਤ ਜਿੰਦਲ ਮੌਂਟੀ ਵਲੋਂ ਅਗਰਵਾਲ ਸਭਾ ਦੀ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਵਨੀਤ ਜਿੰਦਲ ਮੌਂਟੀ ਨੇ ਕਿਹਾ ਕਿ ਸਭਾ ਦਾ ਮੁੱਖ ਮਕਸਦ ਅਗਰਵਾਲ ਸਮਾਜ ਵਿਚ ਫ਼ੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਤੇ ਲੋੜਵੰਦ ਅਗਰਵਾਲ ਪਰਿਵਾਰਾਂ ਦੀ ਮਦਦ ਕਰਨਾ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਹੋਰਨਾਂ ਸਭਾ ਦੇ ਅਹੁਦੇਦਾਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਕਮੇਟੀ, ਵਿਆਹ ਸੰਬੰਧੀ ਮਾਮਲਿਆਂ ਬਾਰੇ ਕਮੇਟੀ, ਕਾਰੋਬਾਰਾਂ ਵਿਚ ਹੁੰਦੇ ਵਿਵਾਦਾਂ ਸੰਬੰਧੀ ਕਮੇਟੀ, ਸਿੱਖਿਆ ਸੰਬੰਧੀ ਕਮੇਟੀ ਅਤੇ ਮੈਡੀਕਲ ਹੈੱਲਪ ਕਮੇਟੀ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿਆਪਣੇ ਅਧੀਨ ਆਉਂਦੇ ਮਾਮਲਿਆਂ ਬਾਰੇ ਇਨ੍ਹਾਂ ਕਮੇਟੀਆਂ ਵਲੋਂ ਫ਼ੈਸਲੇ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਸਭਾ ਦੀ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿਸੇ ਵੀ ਸੋਗ ਸਮਾਗਮ ਸਮੇਂ ਸਥਾਨਕ ਨਿਵਾਸੀ ਰੋਟੀ ਨਹੀਂ ਖਾਣਗੇ | ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਵਲੋਂ ਜਿਥੇ ਉਕਤ ਫ਼ੈਸਲੇ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਅਗਰਵਾਲ ਸਮਾਜ ਵਲੋਂ ਇਸ ਨੂੰ ਲਾਗੂ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਗਰਵਾਲ ਸਮਾਜ ਨੂੰ ਇਕਜੁੱਟ ਕਰਨ ਲਈ ਮੈਂਬਰਸ਼ਿਪ ਫਾਰਮ ਭਰੇ ਜਾਣਗੇ | ਇਸ ਤੋਂ ਇਲਾਵਾ ਲੋੜਵੰਦ ਅਗਰਵਾਲ ਪਰਿਵਾਰਾਂ ਨੂੰ ਮੈਡੀਕਲ ਸਹਾਇਤਾ ਤੋਂ ਇਲਾਵਾ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਦੀ ਸਿੱਖਿਆ ਲਈ ਵੀ ਸਭਾ ਵਲੋਂ ਉਚੇਚੇ ਤੌਰ 'ਤੇ ਉਪਰਾਲੇ ਕੀਤੇ ਜਾਣਗੇ |