ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਮੈਡੀਕਲ ਸਟੋਰ 'ਤੇ ਮਾਰੂ ਹਥਿਆਰਾਂ ਦੀ ਨੋਕ 'ਤੇ ਇਕ ਲੱਖ ਰੁਪਏ ਨਕਦੀ ਅਤੇ ਮੋਬਾਈਲ ਖੋਹਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ 24 ਘੰਟਿਆਂ ਵਿਚ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਘਟਨਾ ਵਿਚ ਵਿਸ਼ਾਲ ਮਿੱਤਲ ਨੂੰ ਕਾਪੇ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਰਿਵਾਲਵਰ ਦੀ ਨੋਕ 'ਤੇ ਨਕਦੀ ਅਤੇ ਉਸ ਦਾ ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ ਸਨ | ਜਿਸ ਮਗਰੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਰਮਨਪ੍ਰੀਤ ਸਿੰਘ ਗਿੱਲ ਡੀ. ਐਸ. ਪੀ. (ਡੀ) ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਸਖ਼ਤੀ ਕਰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਰਾਜਬੀਰ ਸਿੰਘ ਸਰਾਂ ਤੇ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਜਸਕਰਨਦੀਪ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਤਰੀਕੇ ਨਾਲ ਤੇਜ਼ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਜਿਸ ਵਿਚ ਜਸ਼ਨਦੀਪ ਸਿੰਘ ਪਿੰਡ ਸੂਰੇਵਾਲਾ, ਗੁਰਤੇਜ ਸਿੰਘ ਪਿੰਡ ਕਾਉਣੀ ਅਤੇ ਜਸਕਰਨ ਸਿੰਘ ਪਿੰਡ ਕਾਉਣੀ ਸ਼ਾਮਿਲ ਹਨ | ਮੌਕੇ 'ਤੇ ਵਰਤਿਆ 22 ਬੋਰ ਰਿਵਾਲਵਰ ਅਤੇ ਕਾਪਾ ਬਰਾਮਦ ਕਰਨ ਤੋਂ ਇਲਾਵਾ ਚੋਰੀ ਹੋਏ ਪੈਸੇ ਵੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸਖਤੀ ਕਰਕੇ ਇਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਮਿਲਿਆ, ਜਿਸ ਕਾਰਨ ਵਿਸ਼ਾਲ ਮਿੱਤਲ ਦੇ ਮੈਡੀਕਲ ਤੋਂ ਪਹਿਲਾਂ ਹੀ ਨਸ਼ੀਲੇ ਕੈਪਸੂਲ ਤੇ ਗੋਲੀਆਂ ਦੀ ਮੰਗ ਕੀਤੀ ਗਈ, ਜਿਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ |