ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਕਰੀਬ 400 ਡਾਕਟਰ ਜਿਨ੍ਹਾਂ 'ਚ ਜੂਨੀਅਰ, ਸੀਨੀਅਰ ਰੈਜ਼ੀਡੈਂਟ ਅਤੇ ਇੰਟਰਨ ਦੇ ਵਿਦਿਆਰਥੀ ਸ਼ਾਮਿਲ ਸਨ, ਵਲੋਂ ਆਪਣੇ ਸਟਾਈਫ਼ੰਡ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਹਰ ਸਾਲ ਵੱਧ ਰਹੀਆਂ ਫ਼ੀਸਾਂ 'ਤੇ ਪਿਛਲੇ ਪੰਜ ਸਾਲ ਤੋਂ ਇਕੋ ਸਟਾਈਫ਼ੰਡ ਹੋਣ 'ਤੇ ਰੋਸ ਜਤਾਇਆ | ਗੌਰਤਲਬ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਡਾਕਟਰਾਂ ਵਲੋਂ ਆਪਣੇ ਸਟਾਈਫ਼ੰਡ ਵਧਾਉਣ ਨੂੰ ਲੈ ਕੇ ਮੰਗ ਰੱਖੀ ਜਾਂਦੀ ਸੀ ਪਰ ਹਰ ਵਾਰ ਉਨ੍ਹਾਂ ਨੂੰ ਭਰੋਸਾ ਦੇ ਕੇ ਕਿਨਾਰਾ ਕਰ ਲਿਆ ਜਾਂਦਾ ਸੀ | ਅੱਜ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਡਾਕਟਰਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਉਨ੍ਹਾਂ ਨੂੰ 15000 ਰੁਪਏ ਮਾਸਕ ਭੱਤਾ ਦਿੱਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੀਆਂ ਫ਼ੀਸਾਂ ਦੁਗਣੀਆਂ ਤਿਗਣੀਆਂ ਕਰ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਮੈਡੀਕਲ ਦੀ ਪੜ੍ਹਾਈ ਦੀ ਦੇਸ਼ 'ਚ ਸਭ ਨਾਲੋਂ ਜ਼ਿਆਦਾ ਫ਼ੀਸ ਪੰਜਾਬ ਸੂਬੇ 'ਚ ਹੈ ਪਰ ਸਟਾਈਫ਼ੰਡ ਸਭ ਤੋਂ ਘੱਟ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਭੱਤਾ ਵਧਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ |