ਫ਼ਰੀਦਕੋਟ, 3 ਜੂਨ (ਸਰਬਜੀਤ ਸਿੰਘ)-ਪੁਲਿਸ ਵਲੋਂ ਵੱਖ-ਵੱਖ ਜਨਤਕ ਸਥਾਨਾਂ 'ਤੇ ਨਸ਼ੇ ਦੀ ਵਰਤੋਂ ਕਰਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਸੰਬੰਧਤ ਥਾਣਿਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਨਸ਼ਾ ਕੇਂਦਰ 'ਚ ਭਰਤੀ ਕਰਵਾਉਣ ਸੰਬੰਧੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਤੇਜ ਸਿੰਘ ਨੇ ਦੱਸਿਆ ਕਿ ਉਹ ਸ਼ੱਕੀ ਪੁਰਸ਼ਾਂ ਸੰਬੰਧੀ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸਥਾਨਕ ਸਾਦਿਕ ਚੌਕ ਮੌਜੂਦ ਸਨ ਤਾਂ ਮੁਖਬਰ ਵਲੋਂ ਸੂਚਨਾ ਦਿੱਤੀ ਗਈ ਕਿ ਅਮਰਜੀਤ ਭੋਂਦੂ ਪੁੱਤਰ ਨੰਦ ਲਾਲ ਵਾਸੀ ਫ਼ਰੀਦਕੋਟ ਦਾਣਾ ਮੰਡੀ ਵਿਚ ਬਣੇ ਬਾਥਰੂਮਾਂ ਦੇ ਨਜ਼ਦੀਕ ਕਥਿਤ ਤੌਰ 'ਤੇ ਨਸ਼ਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਕੇ 'ਤੇ ਰੇਡ ਕੀਤੀ ਗਈ ਅਤੇ ਕਥਿਤ ਦੋਸ਼ੀ ਨੂੰ ਇਕ ਸਿਲਵਰ ਪੰਨੀ, ਇਕ ਲਾਈਟਰ, 10 ਰੁਪਏ ਦਾ ਜਲਿਆ ਹੋਇਆ ਨੋਟ ਸਮੇਤ ਕਾਬੂ ਕੀਤਾ ਗਿਆ | ਜਿਸ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਗੋਲੇਵਾਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੋ ਆਧਾਰ 'ਤੇ ਅਵਤਾਰ ਸਿੰਘ ਪੁੱਤਰ ਬਿੱਕਰ ਸਿੰਘ ਨੂੰ ਰਾਜੋਵਾਲਾ ਨਹਿਰ 'ਤੇ ਲੁਕ ਛਿਪ ਕੇ ਨਸ਼ਾ ਕਰਦੇ ਨੂੰ ਕਾਬੂ ਕੀਤਾ ਗਿਆ | ਇਸੇ ਤਰ੍ਹਾਂ ਹੀ ਐਸ.ਆਈ. ਸੱਤਪਾਲ ਸਿੰਘ ਵਲੋਂ ਮੁਖਬਰ ਵਲੋਂ ਦਿੱਤੀ ਗਈ ਇਤਲਾਹ ਦੇ ਆਧਾਰ 'ਤੇ ਪਿੰਡ ਚਹਿਲ ਤੋਂ ਪਿੰਡ ਭਾਣਾ ਰੋਡ 'ਤੇ ਇੰਟਰਲਾਕ ਟਾਇਲਾਂ ਦੀ ਫੈਕਟਰੀ ਪਾਸ ਲੁਕ ਛਿਪ ਕੇ ਕਥਿਤ ਤੌਰ 'ਤੇ ਨਸ਼ਾ ਕਰਦੇ ਜੋਗਰਾਜ ਸਿੰਘ ਉਰਫ਼ ਜੋਗਾ ਪੁੱਤਰ ਕਾਰਜ ਸਿੰਘ ਕਾਬੂ ਕੀਤਾ ਗਿਆ ਅਤੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਇੰਚਾਰਜ ਪੁਲਿਸ ਚੌਂਕੀ ਕਲੇਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਸਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਨੂੰ ਪਿੰਡ ਢੱਡੀ ਤੋਂ ਕੋਟਸੁਖੀਆ ਰੋਡ 'ਤੇ ਪੁਲ ਕੱਸੀ ਪੱਕੀ ਸੜਕ 'ਤੇ ਦਰਖਤਾਂ ਹੇਠ ਲੁਕ ਛਿਪ ਕੇ ਕਥਿਤ ਨਸ਼ਾ ਕਰਦੇ ਨੂੰ ਕਾਬੂ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਨਤਕ ਥਾਵਾਂ 'ਤੇ ਨਸ਼ਾ ਕਰਦੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸੰਬੰਧਿਤ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨਸ਼ਾ ਕੇਂਦਰਾਂ ਵਿਚ ਉਨ੍ਹਾਂ ਦੇ ਭਲੇ ਲਈ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਨਸ਼ੇ ਦੀ ਲੱਤ ਨੂੰ ਛੁਡਾਇਆ ਜਾਵੇ ਅਤੇ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕੀਤਾ ਜਾਵੇ |