ਬਰਗਾੜੀ, 3 ਜੂਨ (ਸੁਖਰਾਜ ਸਿੰਘ ਗੋਂਦਾਰਾ)-ਭਾਵੇਂ ਸਰਕਾਰ ਵਲੋਂ ਝੋਨਾ ਲਗਾਉਣ ਲਈ ਪੰਜਾਬ ਦੇ ਚਾਰ ਜ਼ੋਨ ਬਣਾ ਕੇ ਤਰੀਕਾਂ ਤੈਅ ਕਰ ਦਿੱਤੀਆਂ ਹਨ | ਫ਼ਰੀਦਕੋਟ ਜ਼ਿਲ੍ਹੇ ਦਾ ਨੰਬਰ 1 ਜੂਨ ਤੋਂ ਝੋਨਾ ਲਗਾਉਣ ਦੀ ਸੂਚੀ 'ਚ ਆਉਂਦਾ ਹੈ | ਕੁਝ ਕਿਸਾਨਾਂ ਵਲੋਂ ਝੋਨਾ 1 ਜੂਨ ਤੋਂ ਹੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਜ਼ਿਆਦਤਰ ਕਿਸਾਨ ਅਗੇਤਾ ਝੋਨਾ ਲਗਾਉਣ ਤੋਂ ਗੁਰੇਜ ਕਰ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਜਿੱਥੇ ਝੋਨਾ ਲਗਾਉਣ ਵਾਲੇ ਮਜ਼ਦੂਰ ਕਾਫ਼ੀ ਔਖੇ ਹੋਣਗੇ, ਉਥੇ ਪਾਣੀ ਦੀ ਵਰਤੋਂ ਵੀ ਬਹੁਤ ਜ਼ਿਆਦਾ ਹੋਵੇਗੀ | ਇਸ ਕਰਕੇ ਉਹ 10, 15 ਜੂਨ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਹੱਕ 'ਚ ਹਨ ਕਿਉਂਕਿ ਉਸ ਸਮੇਂ ਤੱਕ ਮੀਂਹ ਪੈਣ ਨਾਲ ਮੌਸਮ ਠੰਢਾ ਹੋ ਸਕਦਾ ਹੈ | ਇਸ ਤਰ੍ਹਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਭਾਂਵੇ ਸਰਕਾਰ ਨੇ ਕਿਸਾਨਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਨਹਿਰੀ ਪਾਣੀ ਦੀ ਬੰਦੀ ਪਿਛਲੇ ਲਗਪਗ ਇਕ ਮਹੀਨੇ ਦੇ ਉਪਰ ਦੇ ਸਮੇਂ ਤੋਂ ਚੱਲ ਰਹੀ ਹੈ | ਜਿਸ ਕਾਰਨ ਝੋਨੇ ਦੀ ਲਵਾਈ ਦਾ ਕੰਮ ਹੋਰ ਵੀ ਪ੍ਰਭਾਵਿਤ ਹੋਵੇਗਾ | ਉਨ੍ਹਾਂ ਮੰਗ ਕੀਤੀ ਹੈ ਕਿ ਬਿਜਲੀ ਦੇ ਨਾਲ ਨਾਲ ਨਹਿਰੀ ਪਾਣੀ ਦੀ ਸਪਲਾਈ ਵੀ ਕਿਸਾਨਾਂ ਨੂੰ ਲਗਾਤਾਰ ਦਿੱਤੀ ਜਾਵੇ |