17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਸਾਨਾਂ ਨੇ ਰੋਸ ਵਜੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕੇ

Ad Position 21
No active advertisement
ਅਜੀਤ ਡੈਸਕ 04-06-2025
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)-ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਸੱਦੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਤਲੇ ਫ਼ੂਕੇ ਗਏ | ਇਸ ਪ੍ਰੋਗਰਾਮ ਤਹਿਤ ਫ਼ਰੀਦਕੋਟ ਵਿਖੇ ਮਿੰਨੀ ਸਕੱਤਰੇਤ ਵਿਖੇ ਧਰਨਾ ਦੇਣ ਉਪਰੰਤ ਪੁਤਲੇ ਫ਼ੂਕੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਭਾਰਤ ਦੇ ਸੰਵਿਧਾਨ ਵਲੋਂ ਲੋਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰਾਂ ਦਾ ਸ਼ਰੇ੍ਹਆਮ ਘਾਣ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਇਦ ਅੱਜ ਵੀ ਆਪਣੇ ਆਪ ਨੂੰ ਇਕ ਕਲਾਕਾਰ ਹੀ ਸਮਝ ਰਹੇ ਹਨ | ਇਸ ਲਈ ਉਹ ਉਸੇ ਤਰ੍ਹਾਂ ਦੇ ਸਟੇਜਾਂ ਉੱਪਰ ਖੜ੍ਹ ਕੇ ਬਿਆਨ ਦਿੰਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇਕ ਸੰਵਿਧਾਨਿਕ ਅਹੁਦੇ 'ਤੇ ਬੈਠੇ ਹਨ ਅਤੇ ਇਕ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਬਿਆਨ ਕਿੰਨਾ ਮਹੱਤਵਪੂਰਨ ਹੁੰਦਾ ਹੈ | ਜਿਸ ਦੀ ਤਾਜ਼ਾ ਉਧਾਰਨ ਮੁੱਖ ਮੰਤਰੀ ਵਲੋਂ ਦਿੱਤਾ ਤਾਜ਼ਾ ਬਿਆਨ ਹੈ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕਿਸਾਨ ਆਗੂਆਂ ਨੂੰ ਕਿਸਾਨੀ ਮੁੱਦਿਆਂ ਉੱਪਰ ਖੁੱਲ੍ਹੀ ਡਿਬੇਟ ਲਈ ਚੈਲੰਜ ਕਰ ਰਹੇ ਹਨ ਅਤੇ ਜਦੋਂ ਕਿਸਾਨਾਂ ਵਲੋਂ ਉਨ੍ਹਾਂ ਦਾ ਚੈਲੰਜ ਕਬੂਲ ਕਰ ਲਿਆ ਗਿਆ ਅਤੇ ਕਿਸਾਨਾਂ ਵਲੋਂ ਪੰਜਾਬ ਭਰ ਦੇ ਸਮੂਹ ਮੀਡੀਆ ਅੱਗੇ ਲਾਈਵ ਵਿਚ ਭਗਵੰਤ ਮਾਨ ਨੂੰ ਕਿਸਾਨੀ ਮੁੱਦਿਆਂ 'ਤੇ ਡਿਬੇਟ ਕਰਨ ਲਈ ਕਿਹਾ ਗਿਆ ਤਾਂ ਮੁੱਖ ਮੰਤਰੀ ਵਲੋਂ ਆਪਣੇ ਉਸ ਬਿਆਨ ਤੋਂ ਵੀ ਹੁਣ ਫਿਰ ਭੱਜਿਆ ਜਾ ਰਿਹਾ ਕਿਉਂਕਿ ਪਿਛਲੇ ਦਿਨੀਂ ਜਦੋਂ ਜਗਜੀਤ ਸਿੰਘ ਡੱਲੇਵਾਲ ਬਠਿੰਡਾ ਵਿਖੇ ਮੁੱਖ ਮੰਤਰੀ ਵਲੋਂ ਕੀਤੇ ਗਏ ਇਸ ਚੈਲੰਜ ਅਤੇ ਬਠਿੰਡਾ ਦੇ ਘਸੋਖਾਨਾ ਪਿੰਡ ਵਿਚ ਦੀ ਕੱਢੇ ਜਾ ਰਹੇ ਗੰਦੇ ਪਾਣੀ ਸਬੰਧੀ ਪ੍ਰੈੱਸ ਕਾਨਫਰੰਸ ਕਰਨ ਵਾਲੇ ਸਨ ਤਾਂ ਪੰਜਾਬ ਸਰਕਾਰ ਵਲੋਂ ਪੁਲਿਸ ਬਲ ਦੇ ਜ਼ੋਰ ਉੱਪਰ ਜਗਜੀਤ ਸਿੰਘ ਡੱਲੇਵਾਲ ਨੂੰ ਹਾਊਸ ਅਰੈਸਟ ਕਰ ਲਿਆ ਗਿਆ | ਉਨ੍ਹਾਂ ਵਲੋਂ ਪੰਜਾਬ ਵਾਸੀਆਂ ਦੇ ਸਾਹ ਲੈਣ ਉੱਪਰ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਘਰਾਂ ਵਿਚੋਂ ਚੁੱਕ ਚੁੱਕ ਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ | ਇਸ ਮੌਕੇ ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸਕੱਤਰ, ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਬਲਜਿੰਦਰ ਸਿੰਘ ਵਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋਂ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਜ਼ਿਆਦਾਤਰ ਕਿਸਾਨ ਅਗੇਤਾ ਝੋਨਾ ਲਗਾਉਣ ਤੋਂ ਗੁਰੇਜ਼ ਕਰਨ ਲੱਗੇ
Ad Position 24