ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈੱਡਰੇਸ਼ਨ ਵਲੋਂ ਐਕਸੀਅਨ ਸੰਚਾਲਨ ਵੰਡ ਮੰਡਲ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਐਕਸੀਅਨ ਸੰਚਾਲਨ ਵੰਡ ਮੰਡਲ ਦੀ ਅਰਥੀ ਫ਼ੂਕੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਡਵੀਜ਼ਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਮ ਕਰ ਰਹੇ ਕਰਮਚਾਰੀ ਪ੍ਰਗਟ ਸਿੰਘ ਐੱਲ.ਡੀ.ਸੀ. ਦੀ ਬਦਲੀ ਮਾਨਸਾ ਡਵੀਜ਼ਨ ਵਿਚ ਹੋ ਚੁੱਕੀ ਹੈ ਅਤੇ ਚਾਰ ਮਹੀਨੇ ਹੋ ਜਾਣ ਦੇ ਬਾਵਜੂਦ ਉਕਤ ਅਧਿਕਾਰੀ ਵਲੋਂ ਕਰਮਚਾਰੀ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ | ਸਗੋਂ ਲਗਾਤਾਰ ਸਿਵਲ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਡਵੀਜ਼ਨ ਦਫ਼ਤਰ ਵਿਚ ਸਟਾਫ਼ ਦੀ ਕਮੀ ਦਾ ਬਹਾਨਾ ਬਣਾ ਕੇ ਗੁੰਮਰਾਹ ਕੀਤਾ ਜਾ ਰਿਹਾ, ਜਦਕਿ ਡਵੀਜ਼ਨ ਦਫ਼ਤਰ ਵਿਚ ਪੂਰੇ ਦਾ ਪੂਰਾ ਸਟਾਫ਼ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀ ਵਲੋਂ ਕਰਮਚਾਰੀ ਪ੍ਰਗਟ ਸਿੰਘ ਨੂੰ ਜੇਕਰ ਰਿਲੀਵ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਇਸ ਮੌਕੇ ਰੋਸ ਮੁਜ਼ਾਹਰੇ ਨੂੰ ਡਵੀਜ਼ਨ ਪ੍ਰਧਾਨ ਬਲਜੀਤ ਸਿੰਘ ਕਿ੍ਪਾਲਕੇ, ਰਾਣਾ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ ਸਰਾਂ, ਬਸੰਤ ਸਿੰਘ, ਮਨਿੰਦਰ ਸਿੰਘ, ਸਿੰਬੋਧ ਕੁਮਾਰ, ਬਲਦੇਵ ਸਿੰਘ, ਬਲਜਿੰਦਰ ਸਿੰਘ ਆਦਿ ਵਲੋਂ ਸੰਬੋਧਨ ਕੀਤਾ ਗਿਆ | ਇਸ ਮੌਕੇ ਮੁਲਾਜ਼ਮਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ |