ਬਰਗਾੜੀ, 3 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਸਮੂਹ ਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ | ਕਸਬਾ ਬਰਗਾੜੀ ਦੇ ਯੂਥ ਸਪੋਰਟਸ ਕਲੱਬ, ਮੌਜੂਦਾ ਪੰਚਾਇਤ, ਸਾਬਕਾ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਦੁਕਾਨਦਾਰਾਂ ਦੇ ਉਪਰਾਲੇ ਨਾਲ ਸਮੁੱਚੇ ਪਿੰਡ 'ਚੋਂ ਉਗਰਾਹੀ ਇੱਕਠੀ ਕੀਤੀ ਜਾ ਰਹੀ ਹੈ ਤਾਂ ਕਿ ਹੜ੍ਹ ਪੀੜਤਾਂ ਦੀ ਸੰਭਵ ਮਦਦ ਕੀਤੀ ਜਾ ਸਕੇ | ਪਿੰਡ ਦੇ ਲੋਕਾਂ ਨੂੰ ਪ੍ਰਤੀ ਏਕੜ ਡੇਢ ਸੌ ਰੁਪਏ ਅਤੇ ਸਰਕਾਰੀ ਮੁਲਾਜ਼ਮ ਨੂੰ ਇਕ ਹਜ਼ਾਰ ਰੁਪਏ ਉਗਰਾਹੀ ਲਗਾਈ ਗਈ ਹੈ | ਦੁਕਾਨਦਾਰਾਂ ਨੇ ਵੀ ਕੰਮ ਦੇ ਹਿਸਾਬ ਨਾਲ ਦੁਕਾਨਦਾਰ ਨੂੰ 2100, 1100 ਅਤੇ 500 ਰੁਪਏ ਉਗਰਾਹੀ ਲਗਾਏ ਗਏ ਹਨ | ਸ਼ਰਧਾਵਾਨ ਲੋਕ ਇਸ ਲਗਾਈ ਉਗਰਾਹੀ ਤੋਂ ਵੱਧ ਵੀ ਮਦਦ ਕਰ ਸਕਦੇ ਹਨ | ਸਾਰੀ ਉਗਰਾਹੀ ਇਕੱਠੀ ਹੋਣ ਉਪਰੰਤ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਸੰਭਵ ਮਦਦ ਕੀਤੀ ਜਾਵੇਗੀ |