ਫ਼ਰੀਦਕੋਟ, 3 ਸਤੰਬਰ (ਸਰਬਜੀਤ ਸਿੰਘ)-ਚਾਰ ਸਾਲ ਪਹਿਲਾਂ ਵਿਆਹੀ ਲੜਕੀ ਦੀ ਉਸ ਦੇ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ 'ਤੇ ਪੀੜਤ ਵਿਆਹੁਤਾ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਅਤੇ ਜੇਠ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਸੂਚਨਾ ਅਨੁਸਾਰ ਮਨਦੀਪ ਕੌਰ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦਾ ਵਿਆਹ ਲਵਪ੍ਰੀਤ ਸਿੰਘ ਵਾਸੀ ਪਿੰਡ ਮਹਿਮੂਆਣਾ ਨਾਲ ਚਾਰ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਇਕ ਸਾਲ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਲੜਾਈ ਝਗੜਾ ਕਰਨ ਲੱਗ ਪਿਆ ਅਤੇ ਤਿੰਨ ਦਿਨ ਪਹਿਲਾਂ ਉਸ ਦੇ ਪਤੀ ਲਵਪ੍ਰੀਤ ਸਿੰਘ ਅਤੇ ਜੇਠ ਹਰਪ੍ਰੀਤ ਸਿੰਘ ਵਲੋਂ ਉਸ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੇ ਕਾਫ਼ੀ ਸੱਟਾਂ ਲੱਗੀਆਂ | ਪੀੜਤ ਲੜਕੀ ਵਲੋਂ ਦੋਸ਼ ਲਗਾਇਆ ਗਿਆ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਵਸਾਉਣਾ ਨਹੀਂ ਚਾਹੁੰਦਾ | ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੀੜਤ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਅਤੇ ਜੇਠ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਵਾਂ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ |