ਗਿੱਦੜਬਾਹਾ, 4 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਨੌਜਵਾਨਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਸ਼ੁਰੂ ਕੀਤੇ ਕੰਮਾਂ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਈ ਗਈ ਨੈਤਿਕ ਸਿੱਖਿਆ ਪ੍ਰੀਖਿਆ ਦਾ ਨਤੀਜਾ ਖੇਤਰ ਗਿੱਦੜਬਾਹਾ ਵਲੋਂ ਐਲਾਨਿਆ ਗਿਆ | ਖੇਤਰ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ ਖੇਤਰ ਦੀਆਂ 27 ਵਿਦਿਅਕ ਸੰਸਥਾਵਾਂ ਦੇ 2300 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿਚ ਭਾਗ ਲਿਆ, ਜਦੋਂਕਿ ਇਸ ਵਾਰ ਦੀ ਪ੍ਰੀਖਿਆ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ 'ਚੋਂ ਕਰਵਾਈ ਗਈ | ਇਸ ਪ੍ਰੀਖਿਆ 'ਚ ਛੇਵੀਂ ਤੋਂ ਅੱਠਵੀਂ (ਦਰਜਾ ਦੂਜਾ) ਵਿਚ ਹਰਨੂਰ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਨੇ ਪਹਿਲਾ, ਕਿਰਨਜੋਤ ਕੌਰ ਦਸਮੇਸ਼ ਪਿਤਾ ਪਬਲਿਕ ਸਕੂਲ ਝੁੰਬਾ ਨੇ ਦੂਜਾ ਅਤੇ ਹਰਨੂਰ ਕੌਰ ਅਕਾਲ ਅਕੈਡਮੀ ਮਧੀਰ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ (ਦਰਜਾ ਤੀਜਾ) ਵਿਚ ਹਰਨੂਰ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਨੇ ਪਹਿਲਾ, ਅਰਸ਼ਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ ਨੇ ਦੂਜਾ ਅਤੇ ਖ਼ੁਸ਼ਦੀਪ ਕੌਰ ਦਸਮੇਸ਼ ਪਿਤਾ ਪਬਲਿਕ ਸਕੂਲ ਝੁੰਬਾ ਨੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 58 ਬੱਚਿਆਂ ਦੀ ਮੈਰਿਟ ਸੂਚੀ ਵੀ ਜਾਰੀ ਕੀਤੀ ਗਈ, ਜਦੋਂਕਿ ਪਹਿਲੇ ਸਥਾਨਾਂ 'ਤੇ ਆਏ ਵਿਦਿਆਰਥੀਆਂ ਨੂੰ ਸਾਲਾਨਾ ਅੰਤਰ ਸਕੂਲ ਯੁਵਕ ਮੇਲੇ ਮੌਕੇ ਸਨਮਾਨਿਤ ਕੀਤਾ ਜਾਵੇਗਾ |