ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)-ਸੀਨੀਅਰ ਕਾਂਗਰਸੀ ਆਗੂ ਸਵ. ਦਿਲਬਾਗ ਸਿੰਘ ਬਰਾੜ ਦੇ ਕੋਟਕਪੂਰਾ ਵਿਖੇ ਨਿਵਾਸ ਸਥਾਨ 'ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਚਨਚੇਤ ਪੁੱਜੇ ਅਤੇ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ | ਸਵ. ਬਰਾੜ ਦੇ ਬੇਟੇ ਸੁਮਿਤ ਸਿੰਘ ਬਰਾੜ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਜ਼ੀਰਾ ਨੇ ਸਵ. ਬਰਾੜ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਹਲਕੇ ਅੰਦਰ ਕਾਂਗਰਸ ਪਾਰਟੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ | ਜ਼ੀਰਾ ਨੇ ਕਿਹਾ ਕਿ ਸਵ. ਦਿਲਬਾਗ ਸਿੰਘ ਬਰਾੜ ਕਾਂਗਰਸ ਦੇ ਪੁਰਾਣੇ ਅਤੇ ਵਫ਼ਾਦਾਰ ਸਿਪਾਹੀ ਸਨ | ਉਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ | ਉਨ੍ਹਾਂ ਵਲੋਂ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਹਰੀ ਸਿੰਘ, ਰਾਜਬੀਰ ਭੁੱਲਰ, ਗੁਰਪ੍ਰੀਤ ਸਿੰਘ ਗੋਪੀ ਪੱਕਾ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ |