ਫ਼ਰੀਦਕੋਟ, 6 ਸਤੰਬਰ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਜੇਲ੍ਹ ਅਧਿਕਾਰੀਆਂ ਵਲੋਂ ਬੈਰਕਾਂ ਦੀ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਹਵਾਲਾਤੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਕਰਮਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਜੇਲ੍ਹ ਕਰਮਚਾਰੀਆਂ ਵਲੋਂ ਜੇਲ੍ਹ ਦੇ ਬਲਾਕ 9 ਦੀ ਬੈਰਕ ਨੰਬਰ 7 ਦੀ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਹਵਾਲਾਤੀ ਕੁਲਵੰਤ ਸਿੰਘ ਪਾਸੋਂ ਇਕ ਮੋਬਾਈਲ ਸਮੇਤ ਸਿੰਮ ਦੇ ਬਰਾਮਦ ਹੋਇਆ ਹੈ ਅਤੇ ਇਕ ਮੋਬਾਈਲ ਫ਼ੋਨ ਬਿਨਾਂ ਸਿੰਮ ਦੇ ਬਲਾਕ 7 ਦੀ ਹੀ ਬੈਰਕ ਨੰਬਰ ਇਕ ਵਿਚ ਬਣੇ ਜੰਗਲੇ ਵਿਚੋਂ ਲਾਵਾਰਸ ਹਾਲਤ ਵਿਚ ਬਰਾਮਦ ਹੋਇਆ ਹੈ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਹਵਾਲਾਤੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |