ਮਲੋਟ, 24 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਵਿਖੇ ਸੰਸਥਾ ਦੀ ਇਨੋਂਵੇਸ਼ਨ ਕੌਂਸਲ ਨੇ ਸੰਸਥਾ ਵਿਖੇ ਸਮਾਰਟ ਇੰਡੀਆ ਹੈਕਾਥਨ 2025 ਲਈ ਵੱਖ-ਵੱਖ ਟੀਮਾਂ ਨੂੰ ਚੋਣ ਲਈ ਇਕ ਹੈਕਾਥਨ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ | ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਆਈ.ਆਈ.ਸੀ. ਪ੍ਰਧਾਨ ਇੰਜੀਨੀਅਰ ਮੇਜਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਵਿਦਿਆਰਥੀਆਂ ਲਈ ਇਕ ਅਜਿਹਾ ਪਲੇਟਫ਼ਾਰਮ ਤਿਆਰ ਕੀਤਾ ਗਿਆ ਹੈ, ਜਿੱਥੇ ਕਿ ਸਰਕਾਰ ਆਪਣੇ ਵੱਖ-ਵੱਖ ਵਿਭਾਗਾਂ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਤੋਂ ਵੱਖ-ਵੱਖ ਸੁਝਾਅ ਤੇ ਸਾਫ਼ਟਵੇਅਰ ਅਤੇ ਹਾਰਡਵੇਅਰ ਲਈ ਮੁਕਾਬਲੇ ਕਰਵਾਉਣ ਲਈ ਸੰਸਥਾਵਾਂ ਨੂੰ ਚੁਣਿਆ ਜਾਂਦਾ ਹੈ | ਇਸੇ ਲੜੀ ਤਹਿਤ ਸੰਸਥਾ ਵਿਖੇ ਸਮਾਰਟ ਇੰਡੀਆ ਹੈਕਾਥਨ 2025 ਲਈ ਸੰਸਥਾ ਪੱਧਰ 'ਤੇ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਹੈਕਾਥਨ ਵਿਚ ਸੰਸਥਾ ਦੀਆਂ 19 ਟੀਮਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 13 ਟੀਮਾਂ ਨੂੰ ਸਮਾਰਟ ਇੰਡੀਆ ਹੈਕਾਥਨ 2025 ਦੇ ਆਉਣ ਵਾਲੇ ਪੜਾਵਾਂ ਲਈ ਸੰਸਥਾ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ | ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਹੱਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਹੁਨਰ ਤੇ ਨਵੀਨਤਾਕਾਰੀ ਮਾਨਸਿਕਤਾ ਨੂੰ ਪ੍ਰਦਰਸ਼ਨ ਕਰਨ ਦਾ ਇਕ ਬਹੁਤ ਚੰਗਾ ਪਲੇਟਫ਼ਾਰਮ ਪ੍ਰਦਾਨ ਕੀਤਾ ਗਿਆ ਹੈ | ਇਨ੍ਹਾਂ ਟੀਮਾਂ ਦੇ ਪ੍ਰਾਜੈਕਟਾਂ ਦੀ ਜੱਜਮੈਂਟ ਲਈ ਸੰਸਥਾ ਦੇ ਡਾ. ਵਿਕਾਸ ਸਿੰਗਲਾ, ਡਾ. ਹਰਕੀਰਤ ਸਿੰਘ, ਡਾ. ਨਵਜੋਤ ਸਿੰਘ, ਇੰਜ. ਹਰਜਸਦੀਪ ਸਿੰਘ ਤੇ ਇੰਜ. ਗੁਰਪ੍ਰੀਤ ਸਿੰਘ ਸੋਨੀ ਨੇ ਬਤੌਰ ਜੱਜ ਭੂਮਿਕਾ ਨਿਭਾਈ ਅਤੇ ਇਸ ਤੋਂ ਇਲਾਵਾ ਡਾ. ਸੋਨੀਆ ਸ਼ਰਮਾ, ਡਾ. ਹਰਮਿੰਦਰ ਸਿੰਘ ਬਿੰਦਰਾ ਤੇ ਡਾ. ਰਜੀਵ ਜੈਨ ਨੇ ਬਤੌਰ ਜਿਊਰੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਹੈਕਾਥਨ ਵਿਚ ਆਪਣੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਲਈ ਚੰਗਾ ਮੌਕਾ ਦੱਸਿਆ ਅਤੇ ਚੁਣੀਆਂ ਹੋਈਆਂ ਟੀਮਾਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁੱਭਇੱਛਾਵਾਂ ਦਿੱਤੀਆਂ |