ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 'ਸਵੱਛਤਾ ਹੀ ਸੇਵਾ' ਮੁਹਿੰਮ ਅਧੀਨ ਕਾਲਜ ਪਿ੍ੰਸੀਪਲ ਡਾ. ਜਗਜੀਵਨ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਯੂਨੀਵਰਸਿਟੀ ਵਲੋਂ ਬੈਸਟ ਪ੍ਰੋਗਰਾਮ ਅਫ਼ਸਰ ਦਾ ਮਾਣ ਹਾਸਿਲ ਕਰ ਚੁੱਕੇ ਦੋਵਾਂ ਸਟਾਫ਼ ਮੈਂਬਰਾਂ ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਹਰਮੀਤ ਕੌਰ ਦੀ ਅਗਵਾਈ ਅਧੀਨ ਅਤੇ ਪ੍ਰੋ. ਜਸਕਰਨ ਸਿੰਘ ਦੇ ਸਹਿਯੋਗ ਨਾਲ ਸਮੂਹ ਵਲੰਟੀਅਰਜ਼ ਦੁਆਰਾ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਗਈ | ਇਸ ਸਫ਼ਾਈ ਮੁਹਿੰਮ ਦਾ ਆਗਾਜ਼ ਕਾਲਜ ਪਿ੍ੰਸੀਪਲ ਦੁਆਰਾ ਕੀਤਾ ਗਿਆ | ਵਿਦਿਆਰਥੀਆਂ ਨੇ ਕਾਲਜ ਦੀ ਸਾਫ਼-ਸਫ਼ਾਈ ਕਰਕੇ ਚਾਰਦੀਵਾਰੀ ਦੇ ਨਾਲ ਲਗਦੇ ਬਾਹਰਲੇ ਪਾਸਿਆਂ ਵਾਲੀ ਜਗ੍ਹਾ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਬੋਤਲਾਂ ਨੂੰ ਇਕੱਠਾ ਕਰਕੇ ਸੁਰੱਖਿਅਤ ਜਗ੍ਹਾ 'ਤੇ ਲਿਜਾ ਕੇ ਨਸ਼ਟ ਕੀਤਾ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਵਧ ਰਹੀਆਂ ਬਿਮਾਰੀਆਂ ਦਾ ਮੁੱਖ ਕਾਰਨ ਫ਼ਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵਿਚ ਹੋ ਰਹੀ ਕੈਮੀਕਲਜ਼ ਦੀ ਬੇਲੋੜੀ ਵਰਤੋਂ ਅਤੇ ਪ੍ਰਦੂਸ਼ਿਤ ਵਾਤਾਵਰਣ ਹੈ | ਨਿਰੋਗ ਅਤੇ ਤੰਦਰੁਸਤ ਸਿਹਤ ਦਾ ਆਧਾਰ ਪੌਸ਼ਟਿਕ ਖ਼ੁਰਾਕ ਅਤੇ ਸ਼ੁੱਧ ਵਾਤਾਵਰਨ ਹੀ ਹੁੰਦਾ ਹੈ |