ਮੰਡੀ ਕਿੱਲਿਆਂਵਾਲੀ, 22 ਨਵੰਬਰ (ਇਕਬਾਲ ਸਿੰਘ ਸ਼ਾਂਤ)-ਕਰੀਬ 9 ਸਾਲ ਪਹਿਲਾਂ ਮੁੜ ਉਸਾਰੀ ਗਈ ਕੱਖਾਂਵਾਲੀ ਮਾਈਨਰ ਨੀਤੀਗਤ ਦਸ ਸਾਲਾ ਮਿਆਦ ਤੋਂ ਪਹਿਲਾਂ ਹੀ ਬੁਢਾਪਾ ਧਾਰ ਚੁੱਕੀ ਹੈ | ਗ਼ਲਤ ਬਣਤਰ ਤੇ ਮਾੜੇ ਨਿਰਮਾਣ ਕਾਰਜ ਕਰਕੇ ਕਰੀਬ ਪੰਜ ਪਿੰਡ ਕੰਦੂਖੇੜਾ, ਭੁੱਲਰਵਾਲਾ, ਕੱਖਾਂਵਾਲੀ, ਹਾਕੂਵਾਲਾ ਤੇ ਭੀਟੀਵਾਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ | ਖ਼ਾਸ ਤੌਰ 'ਤੇ ਭੀਟੀਵਾਲਾ ਦੇ ਕਾਫ਼ੀ ਕਿਸਾਨਾਂ ਲਈ ਬੇਵਜ੍ਹਾ ਸਜ਼ਾ ਬਣੀ ਹੋਈ ਹੈ | ਭੀਟੀਵਾਲਾ ਦੇ ਕਿਸਾਨ ਪੱਪੂ ਸਿੰਘ, ਵਰਿੰਦਰ ਸਿੰਘ ਤੇ ਸੁਖਬੀਰ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖੇਤੀ ਰਕਬੇ ਦਾ ਮਾਈਨਰ ਦਾ ਕੋਈ ਸਿੱਧਾ ਵਾਸਤਾ ਨਹੀਂ ਹੈ, ਪਰ ਖ਼ਸਤਾ ਮਾਈਨਰ ਵਾਰ-ਵਾਰ ਟੁੱਟਣ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ | 13 ਨਵੰਬਰ ਨੂੰ ਮਾਈਨਰ ਮੁੜ ਟੁੱਟਣ ਕਰਕੇ ਇਨ੍ਹਾਂ ਕਿਸਾਨਾਂ ਦੀ ਲਗਪਗ 20-30 ਏਕੜ ਕਣਕ ਬੀਜਾਂਦ ਖ਼ਰਾਬ ਹੋ ਗਈ | ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮਾਈਨਰ ਦੀ ਮੁੜ ਉਸਾਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ | ਜ਼ਿਕਜਯੋਗ ਹੈ ਕਿ ਭੀਟੀਵਾਲਾ ਦਾ ਸਿਰਫ਼ 70-75 ਏਕੜ ਰਕਬਾ ਹੀ ਇਸ ਮਾਈਨਰ 'ਤੇ ਮੁਨਹੱਸਰ ਹੈ | ਕਿਸਾਨ ਵਰਿੰਦਰ ਸਿੰਘ ਭੀਟੀਵਾਲਾ ਮੁਤਾਬਕ ਮਾਈਨਰ ਜਗ੍ਹਾ-ਜਗ੍ਹਾ ਤੋਂ ਲੀਕ ਕਰਦੀ ਹੈ ਅਤੇ ਪਾਣੀ ਦਾ ਦਬਾਅ ਵਧਦਾ ਹੈ ਤਾਂ ਟੁੱਟ ਜਾਂਦੀ ਹੈ, ਜਿਸ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਹੀ ਬੇਵਜ੍ਹਾ ਭੁਗਤਣਾ ਪੈਂਦਾ ਹੈ | ਮਾਈਨਰ ਦਾ ਨਿਰਮਾਣ 2016 ਸਾਲ ਵਿਚ ਸਾਬਕਾ ਅਕਾਲੀ ਸਰਕਾਰ ਸਮੇਂ ਹੋਇਆ ਸੀ, ਪਰ ਮਾੜੇ ਨਿਰਮਾਣ ਕਰਕੇ ਸਿਰਫ਼ ਨੌ ਸਾਲਾਂ 'ਚ ਮਾਈਨਰ ਭਿਆਂ ਬੋਲ ਚੁੱਕੀ ਹੈ | ਵਿਭਾਗੀ ਸੂਤਰਾਂ ਮੁਤਾਬਕ ਦਸ ਸਾਲ ਪੂਰੇ ਹੋਣ ਮਗਰੋਂ ਹੀ ਮਾਈਨਰ ਦੀ ਦੁਬਾਰਾ ਉਸਾਰੀ ਸੰਬੰਧੀ ਐਸਟੀਮੇਟ ਬਣ ਸਕਦਾ ਹੈ | ਗ਼ਲਤ ਲੈਵਲ ਕਰਕੇ ਤਿੰਨ ਟੇਲਾਂ ਕੰਦੂਖੇੜਾ, ਭੁੱਲਰਵਾਲਾ, ਭੀਟੀਵਾਲਾ ਤੇ ਪੰਜ ਮੋਘਿਆਂ ਦੇ ਤਹਿਤ ਕਰੀਬ ਦੋ ਹਜ਼ਾਰ ਏਕੜ ਰਕਬਾ ਸੰਤਾਪ ਝੱਲ ਰਿਹਾ ਹੈ | ਉੱਪਰੋਂ ਕੱਖਾਂਵਾਲੀ ਖੇਤਰ 'ਚ ਪਾਈਪਾਂ ਰਾਹੀਂ ਪਾਣੀ ਚੋਰੀ ਵੀ ਵੱਡੀ ਚੁਣੌਤੀ ਹੈ | ਸਮੱਸਿਆ ਦੇ ਹੱਲ ਸੰਬੰਧੀ ਖੇਤਰ ਦੀ ਸਮੁੱਚੀ ਕਿਸਾਨੀ ਤਿਉਣਾ ਮਾਈਨਰ ਨਾਲ ਪਾਈਪ ਰਾਹੀਂ ਜੋੜਨ ਲਈ ਸੰਘਰਸ਼ਸ਼ੀਲ ਹੈ | ਕਿਸਾਨਾਂ ਮੁਤਾਬਕ ਸੱਤਾਪੱਖੀ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਨੇ ਗੱਲ ਨਹੀਂ ਸੁਣੀ |